ਅੱਜ ਸ਼ਾਮ 6.04 ਵਜੇ ਭਾਰਤ ਰਚੇਗਾ ਇਤਿਹਾਸ, ਚੰਨ ’ਤੇ ਲੈਂਡਿੰਗ ਲਈ ਚੰਦਰਯਾਨ-3 ਤਿਆਰ

ਬੈਂਗਲੂਰੂ – ਭਾਰਤ ਦੇ ਸੁਫ਼ਨਿਆਂ ਦਾ ‘ਮੂਨ ਮਿਸ਼ਨ’ ਕੁਝ ਘੰਟਿਆਂ ’ਚ ਪੂਰਾ ਹੋਣ ਦਾ ਸਮਾਂ ਆ ਗਿਆ ਹੈ। ਚੰਦਰਯਾਨ-3 ਦਾ ਲੈਂਡਰ 23 ਅਗਸਤ ਯਾਨੀ ਅੱਜ ਆਪਣੇ ਤੈਅ ਸਮੇਂ ਸ਼ਾਮ 6.04 ਵਜੇ ਚੰਦਰਮਾ ’ਤੇ ਲੈਂਡ ਕਰੇਗਾ। ਮੰਗਲਵਾਰ ਨੂੰ ਇਸਰੋ ਨੇ ਮਿਸ਼ਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੰਦਰਯਾਨ-3 ਦੇ ਸਾਰੇ ਸਿਸਟਮਜ਼ ਦੀ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਸਾਰੇ ਸਹੀ ਤਰ੍ਹਾਂ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਇਸਰੋ ਨੇ ਚੰਨ ਦੀਆਂ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜੋ ਚੰਦਰਯਾਨ-3 ਨੇ ਖਿੱਚੀਆਂ ਹਨ। ਇਹ ਤਸਵੀਰਾਂ ਚੰਦਰਮਾ ਦੇ ‘ਫਾਰ ਸਾਈਡ’ ਭਾਵ ਉਸ ਹਿੱਸੇ ਦੀਆਂ ਹਨ, ਜੋ ਕਦੇ ਧਰਤੀ ਤੋਂ ਨਹੀਂ ਦਿਸਦਾ।
ਚੰਦਰਯਾਨ ਨੇ 70 ਕਿਲੋਮੀਟਰ ਦੀ ਦੂਰੀ ਤੋਂ ਲੈਂਡਰ ਪੁਜੀਸ਼ਨ ਡਿਟੈਕਸ਼ਨ ਕੈਮਰੇ ਨਾਲ ਇਹ ਤਸਵੀਰਾਂ ਖਿੱਚੀਆਂ ਹਨ। ਚੰਦਰਯਾਨ-3 ਚੰਨ ’ਤੇ ਲੈਂਡਿੰਗ ਲਈ ਸਟੀਕ ਥਾਂ ਲੱਭ ਰਿਹਾ ਹੈ। ਇਸ ਨੂੰ 25 ਕਿਲੋਮੀਟਰ ਦੀ ਉਚਾਈ ਤੋਂ ਲੈਂਡ ਕੀਤਾ ਜਾਵੇਗਾ। ਚੰਦਰਯਾਨ-3 ਦੇ ਲੈਂਡਰ ਦੀ ਸਾਫਟ ਲੈਂਡਿੰਗ ’ਚ 15 ਤੋਂ 17 ਮਿੰਟ ਲੱਗਣਗੇ। ਇਸ ਮਿਆਦ ਨੂੰ ‘15 ਮਿੰਟ ਦਾ ਡਰ’ ਕਿਹਾ ਜਾ ਰਿਹਾ ਹੈ। ਚੰਦਰਯਾਨ-3 ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ’ਤੇ ਉਤਰਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਚੰਦਰਮਾ ’ਤੇ ਉਤਰਣ ਤੋਂ 2 ਘੰਟੇ ਪਹਿਲਾਂ ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ’ਤੇ ਹਾਲਾਤ ਦੇ ਆਧਾਰ ’ਤੇ ਇਹ ਤੈਅ ਕੀਤਾ ਜਾਵੇਗਾ ਕਿ ਉਸ ਸਮੇਂ ਇਸ ਨੂੰ ਉਤਾਰਣਾ ਉਚਿਤ ਹੋਵੇਗਾ ਜਾਂ ਨਹੀਂ। ਜੇਕਰ ਕੋਈ ਵੀ ਕਾਰਕ ਤੈਅ ਪੈਮਾਨੇ ’ਤੇ ਨਾ ਰਿਹਾ ਤਾਂ ਲੈਂਡਿੰਗ 27 ਅਗਸਤ ਨੂੰ ਕਰਵਾਈ ਜਾਵੇਗੀ। ਚੰਦਰਯਾਨ ਦਾ ਦੂਜਾ ਅਤੇ ਫਾਈਨਲ ਡੀਬੂਸਟਿੰਗ ਆਪ੍ਰੇਸ਼ਨ ਐਤਵਾਰ ਰਾਤ 1 ਵੱਜ ਕੇ 50 ਮਿੰਟ ’ਤੇ ਪੂਰਾ ਹੋਇਆ ਸੀ। ਇਸ ਤੋਂ ਬਾਅਦ ਲੈਂਡਰ ਦੀ ਚੰਦਰਮਾ ਤੋਂ ਘੱਟ ਤੋਂ ਘੱਟ ਦੂਰੀ 25 ਕਿਲੋਮੀਟਰ ਅਤੇ ਵੱਧ ਤੋਂ ਵੱਧ ਦੂਰੀ 134 ਕਿਲੋਮੀਟਰ ਰਹਿ ਗਈ ਹੈ। ਡੀਬੂਸਟਿੰਗ ’ਚ ਸਪੇਸਕ੍ਰਾਫਟ ਦੀ ਸਪੀਡ ਨੂੰ ਘੱਟ ਕੀਤਾ ਜਾਂਦਾ ਹੈ।
ਚੰਨ ’ਤੇ ‘ਅਸ਼ੋਕ ਸਤੰਭ’ ਦੀ ਛਾਪ ਛੱਡੇਗਾ ‘ਪ੍ਰਗਿਆਨ’ ਰੋਵਰ
ਚੰਦਰਯਾਨ-1 ਅਤੇ ਚੰਦਰਯਾਨ-2 ਮਿਸ਼ਨ ਦੇ ਪ੍ਰਾਜੈਕਟ ਡਾਇਰੈਕਟਰ ਰਹੇ ਐੱਮ. ਅੰਨਾਦੁਰਈ ਅਨੁਸਾਰ 23 ਅਗਸਤ ਦੀ ਸ਼ਾਮ ਚੰਦਰਯਾਨ-3 ਦੇ ਲੈਂਡਰ ਨੂੰ 25 ਕਿਲੋਮੀਟਰ ਦੀ ਉਚਾਈ ਤੋਂ ਚੰਨ ਦੀ ਸਤ੍ਹਾ ਤੱਕ ਪੁੱਜਣ ’ਚ 15 ਵਲੋਂ 20 ਮਿੰਟ ਲੱਗਣਗੇ। ਇਹੀ ਸਮਾਂ ਸਭ ਤੋਂ ਔਖਾ ਹੋਣ ਵਾਲਾ ਹੈ। ਇਸ ਤੋਂ ਬਾਅਦ ਵਿਕਰਮ ਲੈਂਡਰ ਤੋਂ ਰੈਂਪ ਰਾਹੀਂ 6 ਪਹੀਆਂ ਵਾਲਾ ‘ਪ੍ਰਗਿਆਨ’ ਰੋਵਰ ਬਾਹਰ ਆਵੇਗਾ ਅਤੇ ਇਸਰੋ ਵੱਲੋਂ ਕਮਾਂਡ ਮਿਲਦਿਆਂ ਹੀ ਚੰਨ ਦੀ ਧਰਤੀ ’ਤੇ ਚੱਲੇਗਾ। ਉਸ ਦੇ ਪਹੀਏ ਚੰਨ ਦੀ ਮਿੱਟੀ ’ਤੇ ਭਾਰਤ ਦੇ ਰਾਸ਼ਟਰੀ ਚਿੰਨ੍ਹ ‘ਅਸ਼ੋਕ ਸਤੰਭ’ ਅਤੇ ਇਸਰੋ ਦੇ ਲੋਗੋ ਦੀ ਛਾਪ ਛੱਡਣਗੇ।
ਸਭ ਕੁੱਝ ਫੇਲ ਹੋ ਜਾਵੇ ਤਾਂ ਵੀ ਲੈਂਡ ਕਰੇਗਾ ‘ਵਿਕਰਮ’
ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ 9 ਅਗਸਤ ਨੂੰ ‘ਵਿਕਰਮ’ ਦੀ ਲੈਂਡਿੰਗ ਨੂੰ ਲੈ ਕੇ ਕਿਹਾ ਸੀ, ‘‘ਜੇਕਰ ਸਭ ਕੁਝ ਫੇਲ ਹੋ ਜਾਂਦਾ ਹੈ, ਜੇਕਰ ਸਾਰੇ ਸੈਂਸਰ ਫੇਲ ਹੋ ਜਾਂਦੇ ਹਨ, ਕੁਝ ਵੀ ਕੰਮ ਨਹੀਂ ਕਰਦਾ ਹੈ, ਫਿਰ ਵੀ ‘ਵਿਕਰਮ’ ਚੰਦਰਮਾ ’ਤੇ ਲੈਂਡ ਕਰੇਗਾ, ਬਸ ‘ਐਲਗੋਰਿਦਮ’ ਸਹੀ ਤਰ੍ਹਾਂ ਕੰਮ ਕਰੇ। ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਜੇਕਰ ਇਸ ਵਾਰ ‘ਵਿਕਰਮ’ ਦੇ 2 ਇੰਜਣ ਕੰਮ ਨਹੀਂ ਕਰਨਗੇ, ਤਾਂ ਵੀ ਇਹ ਲੈਂਡਿੰਗ ’ਚ ਸਮਰੱਥ ਹੋਵੇਗਾ।’’
ਮਿਸ਼ਨ ਦੀ ਸਫਲਤਾ ਲਈ ਪੂਰੇ ਦੇਸ਼ ’ਚ ਹਵਨ
ਮਿਸ਼ਨ ਦੀ ਸਫਲਤਾ ਲਈ ਪੂਰੇ ਦੇਸ਼ ’ਚ ਹਵਨ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਕਾਮਾਖਿਆ ਮੰਦਿਰ, ਸ਼੍ਰੀ ਮੱਠ ਬਾਘੰਬਰੀ ਗੱਦੀ ਅਤੇ ਮਹਾਰਾਸ਼ਟਰ ਦੇ ਮੁੰਬਈ ਦੇ ਚਾਮੁੰਡੇਸ਼ਵਰੀ ਸ਼ਿਵ ਮੰਦਰ ’ਚ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਪ੍ਰਾਰਥਨਾ ਕੀਤੀ ਗਈ।
ਚੰਦਰਯਾਨ-3 ਦੇ ਚੰਦਰਮਾ ’ਤੇ ਉਤਰਣ ਦਾ ਇੰਤਜ਼ਾਰ : ਸੁਨੀਤਾ ਵਿਲੀਅਮਜ਼
ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਕਿਹਾ ਕਿ ਚੰਦਰਯਾਨ-3 ਦੇ ਚੰਦਰਮਾ ’ਤੇ ਉਤਰਣ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਮੈਂ ਖੁਸ਼ ਹਾਂ ਕਿ ਭਾਰਤ ਪੁਲਾੜ ’ਚ ਰਿਸਰਚ ਅਤੇ ਚੰਦਰਮਾ ’ਤੇ ਸਥਾਈ ਜੀਵਨ ਦੀ ਖੋਜ ’ਚ ਸਭ ਤੋਂ ਅੱਗੇ ਹੈ।