55 ਦੇ ਹੋਏ ਕੇਜਰੀਵਾਲ, ਜਨਮ ਦਿਨ ‘ਤੇ CM ਨੇ ਮਨੀਸ਼ ਲਈ ਲਿਖਿਆ ਖ਼ਾਸ ਸੁਨੇਹਾ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਯਾਨੀ ਕਿ 16 ਅਗਸਤ ਨੂੰ ਜਨਮ ਦਿਨ ਹੈ। ਉਹ 55 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ‘ਐਕਸ’ (ਜੋ ਪਹਿਲਾਂ ਟਵਿੱਟਰ ਸੀ) ‘ਤੇ ਸਾਰਿਆਂ ਨੂੰ ਇਕ ਮਜ਼ਬੂਤ ਭਾਰਤ ਦੀ ਨੀਂਹ ਰੱਖਣ ਦਾ ਸੰਕਲਪ ਲੈਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਅੱਜ ਮੇਰਾ ਜਨਮ ਦਿਨ ਹੈ। ਬਹੁਤ ਸਾਰੇ ਲੋਕ ਸ਼ੁੱਭਕਾਮਨਾਵਾਂ ਦੇ ਰਹੇ ਹਨ। ਬਹੁਤ-ਬਹੁਤ ਧੰਨਵਾਦ ਪਰ ਮੈਨੂੰ ਮਨੀਸ਼ ਸਿਸੋਦੀਆ ਦੀ ਯਾਦ ਆ ਰਹੀ ਹੈ। ਉਹ ਇਕ ਝੂਠੇ ਮਾਮਲੇ ‘ਚ ਜੇਲ੍ਹ ‘ਚ ਬੰਦ ਹਨ। ਆਓ, ਅੱਜ ਅਸੀਂ ਸਾਰੇ ਸਹੁੰ ਚੁੱਕੀਏ ਕਿ ਭਾਰਤ ਦੇ ਹਰ ਬੱਚੇ ਨੂੰ ਵਧੀਆ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਆਪਣੀ ਸਮਰੱਥਾ ਮੁਤਾਬਕ ਸਭ ਕੁਝ ਕਰਾਂਗੇ।
ਕੇਜਰੀਵਾਲ ਨੇ ਕਿਹਾ ਕਿ ਇਸ ਜ਼ਰੀਏ ਇਕ ਮਜ਼ਬੂਤ ਭਾਰਤ ਦੀ ਨੀਂਹ ਰੱਖੀ ਜਾਵੇਗੀ। ਇਸ ਨਾਲ ਭਾਰਤ ਨੂੰ ਨੰਬਰ-1 ਬਣਾਉਣ ਦੇ ਸਾਡੇ ਸੁਫ਼ਨੇ ਨੂੰ ਸਾਕਾਰ ਕਰਨ ‘ਚ ਮਦਦ ਮਿਲੇਗੀ। ਇਸ ਤੋਂ ਨੀਸ਼ ਵੀ ਖੁਸ਼ ਹੋਣਗੇ। ਦੱਸ ਦੇਈਏ ਕਿ ਕੇਜਰੀਵਾਲ ਦਾ ਜਨਮ 16 ਅਗਸਤ 1968 ਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿਚ ਹੋਇਆ ਸੀ। ਉਹ ਦਿੱਲੀ ‘ਚ ਲਗਾਤਾਰ 3 ਵਾਰ ਵਿਧਾਨ ਸਭਾ ਚੋਣਾਂ ਜਿੱਤ ਕੇ ਮੁੱਖ ਮੰਤਰੀ ਬਣੇ। ਮੌਜੂਦਾ ਸਮੇਂ ਵਿਚ ਉਨ੍ਹਾਂ ਦਾ ਤੀਜਾ ਕਾਰਜਕਾਲ ਫਰਵਰੀ 2025 ਤੱਕ ਹੈ। ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਕਾਂਗਰਸ ਨੇਤਾ ਸ਼ੀਲਾ ਦੀਕਸ਼ਤ ਦਿੱਲੀ ਦੀ ਤਿੰਨ ਵਾਰ ਮੁੱਖ ਮੰਤਰੀ ਰਹੀ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ 55ਵੇਂ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਸ਼ੁੱਭਕਾਮਨਾਵਾਂ ਸਵੀਕਾਰ ਕੀਤੀਆਂ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਕਦੋਂ ਤੋਂ ਜੇਲ੍ਹ ‘ਚ ਹਨ ਮਨੀਸ਼ ਸਿਸੋਦੀਆ?
ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਨੂੰ ਸੀ. ਬੀ. ਆਈ ਨੇ ਫਰਵਰੀ ‘ਚ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ‘ਚ ਘਪਲੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਉਹ ਜੇਲ੍ਹ ‘ਚ ਹਨ, ਕਿਉਂਕਿ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਵਾਰ-ਵਾਰ ਖਾਰਜ ਹੋ ਰਹੀ ਹੈ। ਇਸ ਦੇ ਨਾਲ ਹੀ
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਾਰਚ ਵਿਚ ਸ਼ਰਾਬ ਘਫਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਸੁਪਰੀਮ ਕੋਰਟ ‘ਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ‘ਤੇ ਅਗਲੀ ਸੁਣਵਾਈ 4 ਸਤੰਬਰ ਨੂੰ ਹੋਵੇਗੀ।