ਹਿਮਾਚਲ ਦੇ ਸਾਹਮਣੇ ‘ਪਹਾੜ ਵਰਗੀ ਚੁਣੌਤੀ’, ਬੁਨਿਆਂਦੀ ਢਾਂਚਾ ਮੁੜ ਖੜ੍ਹਾ ਕਰਨ ‘ਚ ਲੱਗੇਗਾ ਇਕ ਸਾਲ: CM ਸੁੱਖੂ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮਾਨਸੂਨ ਦੌਰਾਨ ਸੂਬੇ ‘ਚ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਤਬਾਹ ਹੋਏ ਬੁਨਿਆਦੀ ਢਾਂਚੇ ਨੂੰ ਫਿਰ ਤੋਂ ਖੜ੍ਹਾ ਕਰਨ ‘ਚ ਇਕ ਸਾਲ ਲੱਗ ਜਾਵੇਗਾ। ਸੁੱਖੂ ਨੇ ਕਿਹਾ ਕਿ ਮੋਹਲੇਧਾਰ ਮੀਂਹ ਕਾਰਨ ਹੋਇਆ ਅਨੁਮਾਨਤ ਨੁਕਸਾਨ 10 ਹਜ਼ਾਰ ਕਰੋੜ ਰੁਪਏ ਹਨ। ਇਸ ਹਫ਼ਤੇ ਸੂਬੇ ਵਿਚ ਮੀਂਹ ਦੇ ਚੱਲਦੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ, ਜਿਸ ਦੇ ਚੱਲਦੇ ਸੜਕਾਂ ਬੰਦ ਹੋ ਗਈਆਂ ਅਤੇ ਘਰ ਢਹਿ ਗਏ। ਲੱਗਭਗ 60 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਲੋਕਾਂ ਦੇ ਮਲਬੇ ‘ਚ ਦੱਬੇ ਹੋਣ ਦਾ ਖ਼ਦਸ਼ਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ ਸੂਬੇ ‘ਚ ਮੋਹਲੇਧਾਰ ਮੀਂਹ ਪਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸੜਕਾਂ ਅਤੇ ਜਲ ਪ੍ਰਾਜੈਕਟਾਂ ਦੇ ਮੁੜ ਨਿਰਮਾਣ ਵਿਚ ਸਮਾਂ ਲੱਗਦਾ ਹੈ ਪਰ ਸਰਕਾਰ ਇਸ ਪ੍ਰਕਿਰਿਆ ਵਿਚ ਤੇਜ਼ੀ ਲਿਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਕ ਸਾਲ ਵਿਚ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਨਾਲ ਬਹਾਲ ਕਰਨਾ ਹੋਵੇਗਾ। ਮੈਂ ਇਸ ਨੂੰ ਧਿਆਨ ‘ਚ ਰੱਖ ਕੇ ਕੰਮ ਕਰ ਰਿਹਾ ਹਾਂ। ਇਹ ਇਕ ਵੱਡੀ ਚੁਣੌਤੀ ਹੈ, ਪਹਾੜ ਵਰਗੀ ਚੁਣੌਤੀ ਹੈ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈ।
ਸੁੱਖੂ ਨੇ ਕਿਹਾ ਕਿ ਸੂਬਾ ਸਰਕਾਰ 4 ਸਾਲ ਵਿਚ ਹਿਮਾਚਲ ਪ੍ਰਦੇਸ਼ ਨੂੰ ਆਤਮਨਿਰਭਰ ਅਤੇ 10 ਸਾਲ ਵਿਚ ਦੇਸ਼ ਦਾ ਸਭ ਤੋਂ ਖ਼ੁਸ਼ਹਾਲ ਸੂਬਾ ਬਣਾਉਣ ਦੇ ਆਪਣੇ ਦ੍ਰਿਸ਼ਟੀਕੋਣ ਤਹਿਤ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਤ੍ਰਾਸਦੀ ਤੋਂ ਉਭਰਨ ‘ਚ ਸਾਨੂੰ ਇਕ ਸਾਲ ਲੱਗ ਜਾਵੇਗਾ। ਹਿਮਾਚਲ ਪ੍ਰਦੇਸ਼ ‘ਚ ਪਿਛਲੇ ਦਸੰਬਰ ਸੁੱਖੂ ਦੀ ਅਗਵਾਈ ‘ਚ ਕਾਂਗਰਸ ਦੀ ਸਰਕਾਰ ਬਣੀ ਸੀ। ਉਨ੍ਹਾਂ ਨੇ ਭਾਰੀ ਨੁਕਸਾਨ ਲਈ ਐਤਵਾਰ ਤੋਂ ਹੋ ਰਹੀ ਤੇਜ਼ ਮੀਂਹ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਕ ਹੀ ਦਿਨ ਵਿਚ ਲੱਗਭਗ 50 ਲੋਕਾਂ ਦੀ ਮੌਤ ਹੋ ਗਈ।