ਪੰਜਾਬ ’ਚ ਹੜ੍ਹਾਂ ਦੇ ਖ਼ਤਰੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ, ਆਖੀ ਵੱਡੀ ਗੱਲ

ਚੰਡੀਗੜ੍ਹ : ਪੰਜਾਬ ’ਚ ਮੁੜ ਬਣੇ ਹੜ੍ਹਾਂ ਦੇ ਮਾਰੂ ਹਾਲਾਤ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰਨ ਦੀ ਗੱਲ ਆਖੀ ਹੈ। ਸੋਸ਼ਲ ਮੀਡੀਆ ’ਤੇ ਬੋਲਦਿਆਂ ਮੁੱਖ ਮੰਤਰੀ ਨੇ ਆਖਿਆ ਹੈ ਕਿ ਪੰਜਾਬ ਵਿਚ ਹੜ੍ਹ ਦੀ ਸਥਿਤੀ ਬਿਲਕੁੱਲ ਕੰਟਰੋਲ ਵਿਚ ਹੈ। ਉਹ ਖੁਦ ਅਤੇ ਉਨ੍ਹਾਂ ਦੇ ਅਫਸਰ ਹਿਮਾਚਲ ਸਰਕਾਰ ਅਤੇ ਬੀ. ਬੀ. ਐੱਮ. ਬੀ. ਨਾਲ ਹਰ ਸਮੇਂ ਸੰਪਰਕ ਵਿਚ ਹਨ। ਇਸ ਤੋਂ ਇਲਾਵਾ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਕੰਟਰੋਲ ’ਚ ਹਨ। ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨੀ ਸਾਡਾ ਫਰਜ਼ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਇਹ ਇਕ ਕੁਦਰਤੀ ਆਫ਼ਤ ਹੈ ਅਤੇ ਸਾਰਿਆਂ ਸਾਰਿਆਂ ਨੂੰ ਮਿਲ ਕੇ ਇਸਦਾ ਸਾਹਮਣਾ ਕਰਨਾ ਹੋਵੇਗਾ। ਲੋਕਾਂ ਦੀ ਸਰਕਾਰ ਲੋਕਾਂ ਦੇ ਨਾਲ ਹੈ।
ਅੱਜ ਫਿਰ ਖੋਲ੍ਹੇ ਗਏ ਭਾਖੜਾ ਦੇ ਗੇਟ
ਅੱਜ ਫਿਰ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਇਹ ਫਲੱਡ ਗੇਟ ਲਗਭਗ 8 ਫੁੱਟ ਤੱਕ ਖੋਲ੍ਹੇ ਗਏ ਹਨ। ਫਲੱਡ ਗੇਟ ਖੋਲ੍ਹਣ ਦੇ ਨਾਲ ਹੀ ਪੰਜਾਬ ਦੇ ਹੇਠਲੇ ਇਲਾਕਿਆਂ ਦੇ ਲੋਕਾਂ ਲਈ ਮੁੜ ਵੱਡਾ ਖ਼ਤਰਾ ਪੈਦਾ ਹੋ ਗਿਆਹੈ। ਲੋਕਾਂ ਨੂੰ ਸਤਲੁਜ ਦਰਿਆ ਦੇ ਕਿਨਾਰਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਸਤਲੁਜ ਦਰਿਆ ਦਾ ਪਾਣੀ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਹਰਸਾ ਬੇਲਾ, ਚੰਦਪੁਰ, ਗੱਜਪੁਰ, ਹਰੀਵਾਲ, ਮਹਿੰਦਲੀ ਕਲਾਂ, ਬੇਲਾ ਧਿਆਨੀ, ਭਲਾਣ, ਪੱਤੀ ਦੁਲਚੀ ਹੋਰ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਸਤਲੁਜ ਦਰਿਆ ਦੇ ਨਾਲ ਲਗਦੇ ਹੋਰ ਬਹੁਤ ਸਾਰੇ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਦਾਖਲ ਹੋ ਗਿਆ,ਜਿਸ ਨਾਲ ਲੋਕਾਂ ਦੀਆਂ ਫਸਲਾਂ ਤੇ ਹਰਾ ਚਾਰਾ ਨੁਕਸਾਨੇ ਗਏ ਹਨ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਪਾਣੀ ਦਾਖਲ ਹੋਣ ਦਾ ਖਤਰਾ ਪੈਦਾ ਹੋ ਰਿਹਾ ਹੈ।