ਚੰਦਰਯਾਨ ਮਿਸ਼ਨ: ਚੰਨ ਦੇ ਹੋਰ ਨੇੜੇ ਪਹੁੰਚਿਆ ‘ਚੰਦਰਯਾਨ-3’, ਜਲਦ ਹੋਵੇਗੀ ਲੈਂਡਿੰਗ

ਬੈਂਗਲੁਰੂ- ਭਾਰਤ ਦੇ ਤੀਜੇ ਚੰਨ ਮਿਸ਼ਨ ਤਹਿਤ ਚੰਦਰਯਾਨ-3 ਬੁੱਧਵਾਰ ਨੂੰ ਧਰਤੀ ਦੇ ਇਕਲੌਤੇ ਸੈਟੇਲਾਈਟ ਦੇ 5ਵੇਂ ਅਤੇ ਆਖ਼ਰੀ ਪੰਧ ‘ਚ ਸਫ਼ਲਤਾਪੂਰਵਕ ਪ੍ਰਵੇਸ਼ ਕਰ ਗਿਆ ਅਤੇ ਚੰਦਰਮਾ ਦੀ ਸਤ੍ਹਾ ਦੇ ਹੋਰ ਨੇੜੇ ਆ ਗਿਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਇਸ ਦੇ ਨਾਲ ਹੀ ਚੰਦਰਯਾਨ-3 ਨੇ ਚੰਦਰਮਾ ਤੱਕ ਪਹੁੰਚਣ ਦੀ ਆਪਣੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਹੁਣ ਪ੍ਰੋਪਲਸ਼ਨ ਮਾਡਿਊਲ ਅਤੇ ਲੈਂਡਰ ਮਾਡਿਊਲ ਨੂੰ ਵੱਖ ਕਰਨ ਦੀ ਤਿਆਰੀ ਕਰੇਗਾ। ਰਾਸ਼ਟਰੀ ਪੁਲਾੜ ਏਜੰਸੀ ਨੇ ਟਵੀਟ ਕੀਤਾ, ”ਅੱਜ ਦਾ ਸਫਲ ਆਪ੍ਰੇਸ਼ਨ ਸੰਖੇਪ ਸਮੇਂ ਲਈ ਜ਼ਰੂਰੀ ਸੀ। ਇਸ ਦੇ ਤਹਿਤ ਚੰਦਰਮਾ ਦੇ 153 ਕਿਲੋਮੀਟਰ x 163 ਕਿਲੋਮੀਟਰ ਦੇ ਪੰਧ ਵਿਚ ਚੰਦਰਯਾਨ-3 ਸਥਾਪਿਤ ਹੋ ਗਿਆ, ਜਿਸ ਦਾ ਅਸੀਂ ਅਨੁਮਾਨ ਲਗਾਇਆ ਸੀ।
ਇਸ ਦੇ ਨਾਲ ਚੰਦਰਮਾ ਦੀ ਰੇਂਜ ਵਿਚ ਪ੍ਰਵੇਸ਼ ਕਰਨ ਦੀ ਪ੍ਰਕਿਰਿਆ ਪੂਰੀ ਹੋ ਗਈ। ਹੁਣ ਪ੍ਰੋਪਲਸ਼ਨ ਮਾਡਿਊਲ ਅਤੇ ਲੈਂਡਰ ਵੱਖ ਹੋਣ ਲਈ ਤਿਆਰ ਹਨ। ਇਸਰੋ ਨੇ ਕਿਹਾ ਕਿ 17 ਅਗਸਤ ਨੂੰ ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ਤੋਂ ਲੈਂਡਰ ਮਾਡਿਊਲ ਨੂੰ ਵੱਖ ਕਰਨ ਦੀ ਯੋਜਨਾ ਹੈ। 14 ਜੁਲਾਈ ਨੂੰ ਲਾਂਚ ਕੀਤੇ ਜਾਣ ਤੋਂ ਬਾਅਦ ਚੰਦਰਯਾਨ-3 ਨੇ 5 ਅਗਸਤ ਨੂੰ ਚੰਦਰਮਾ ਦੇ ਆਰਬਿਟ ‘ਚ ਪ੍ਰਵੇਸ਼ ਕੀਤਾ, ਜਿਸ ਤੋਂ ਬਾਅਦ ਇਹ 6, 9 ਅਤੇ 14 ਅਗਸਤ ਨੂੰ ਚੰਦਰਮਾ ਦੇ ਅਗਲੇ ਪੰਧ ‘ਚ ਦਾਖਲ ਹੋਇਆ ਅਤੇ ਇਸ ਦੇ ਨੇੜੇ ਪਹੁੰਚ ਗਿਆ। ਚੰਦਰਯਾਨ-3 ਨੂੰ ਚੰਦਰਮਾ ਦੇ ਧਰੁਵ ‘ਤੇ ਸਥਾਪਤ ਕਰਨ ਦੀ ਮੁਹਿੰਮ ਅੱਗੇ ਵਧ ਰਹੀ ਹੈ। ਇਸਰੋ ਚੰਦਰਯਾਨ-3 ਨੂੰ ਚੰਦਰਮਾ ਦੇ ਪੰਧ ‘ਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਚੰਦਰਮਾ ਤੋਂ ਉਸ ਦੀ ਦੂਰੀ ਹੌਲੀ-ਹੌਲੀ ਘੱਟ ਹੁੰਦੀ ਜਾ ਰਹੀ ਹੈ। ਚੰਦਰਯਾਨ-3 ਦੇ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ ‘ਤੇ ਸਾਫ਼ਟ ਲੈਂਡਿੰਗ ਦੀ ਉਮੀਦ ਹੈ।