ਅਟਲ ਜੀ ਦੀ ਬਰਸੀ ‘ਤੇ PM ਮੋਦੀ, ਰਾਸ਼ਟਰਪਤੀ ਸਮੇਤ BJP ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ, ਪੂਰਾ ਦੇਸ਼ ਕਰ ਰਿਹੈ ਨਮਨ

ਨਵੀਂ ਦਿੱਲੀ- ਨਰਿੰਦਰ ਮੋਦੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮਾਰਕ ਪਹੁੰਚੇ ਹਨ। ਅਟਲ ਬਿਹਾਰੀ ਵਾਜਪਾਈ ਦੀ ਅੱਜ 5ਵੀਂ ਬਰਸੀ ਹੈ। ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਮੇਤ ਭਾਜਪਾ ਦੇ ਕਦਾਵਰ ਨੇਤਾ ਅਟਲ ਬਿਹਾਰੀ ਵਾਜਪਾਈ ਦੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਅਟਲ ਨੂੰ ਉਨ੍ਹਾਂ ਦੀ ਬਰਸੀ ‘ਤੇ ਪੂਰਾ ਦੇਸ਼ ਨਮਨ ਕਰ ਰਿਹਾ ਹੈ।
ਅਟਲ ਜੀ ਦੀ ਬਰਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਅਟਲ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ‘ਚ ਭਾਰਤ ਦੇ 140 ਕਰੋੜ ਲੋਕਾਂ ਨਾਲ ਮੈਂ ਸ਼ਾਮਲ ਹਾਂ। ਉਨ੍ਹਾਂ ਦੀ ਅਗਵਾਈ ਤੋਂ ਭਾਰਤ ਨੂੰ ਬਹੁਤ ਫਾਇਦਾ ਹੋਇਆ। ਉਨ੍ਹਾਂ ਨੇ ਸਾਡੇ ਦੇਸ਼ ਦੀ ਤਰੱਕੀ ਨੂੰ ਹੱਲਾ-ਸ਼ੇਰੀ ਦੇਣ ਅਤੇ ਇਸ ਨੂੰ ਵਿਆਪਕ ਰੂਪ ਨਾਲ 21ਵੀਂ ਸਦੀ ‘ਚ ਲੈ ਕੇ ਜਾਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।
ਦੱਸ ਦੇਈਏ ਕਿ ਦੇਸ਼ ਦੇ ਇਸ ਮਹਾਨ ਸਪੂਤ ਦੀ ਬਰਸੀ ‘ਤੇ ਪੂਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਉਨ੍ਹਾਂ ਦੀ ਸਮਾਧੀ ਸਦੈਵ ਅਟਲ ‘ਤੇ ਪੱਖ ਅਤੇ ਵਿਰੋਧੀ ਧਿਰ ਦੇ ਨੇਤਾ ਆਪਣੀ ਸ਼ਰਧਾਂਜਲੀ ਭੇਟ ਕਰ ਹੇ ਹਨ। ਅਟਲ ਜੀ ਦਾ ਜਨਮ 25 ਦਸੰਬਰ 1924 ਨੂੰ ਗਵਾਲੀਅਰ ਵਿਚ ਹੋਇਆ ਸੀ। ਸਾਲ 2018 ‘ਚ 93 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਉਨ੍ਹਾਂ ਨੇ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਕਵਿਤਾਵਾਂ ਦੀ ਵੀ ਰਚਨਾ ਕੀਤੀ ਸੀ। ਅਟਲ ਬਿਹਾਰੀ ਵਾਜਪਾਈ ਦੇ ਅਨਮੋਲ ਵਚਨ ਅੱਜ ਵੀ ਸਾਰਿਆਂ ਲਈ ਪ੍ਰੇਰਣਾ ਬਣੇ ਹੋਏ ਹਨ।