ਨਵੀਂ ਦਿੱਲੀ: ਹਾਕੀ ਇੰਡੀਆ ਨੇ 3 ਅਗਸਤ ਤੋਂ 12 ਅਗਸਤ ਤਕ ਹੋਣ ਵਾਲੀ ਚੇਨਈ 2023 ‘ਚ ਖੇਡੀ ਜਾਣ ਵਾਲੀ ਆਗਾਮੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਲਈ ਪੁਰਸ਼ਾਂ ਦੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੂਲ ਪੜਾਅ ‘ਚ ਭਾਰਤ ਦੇ ਮੁਕਾਬਲੇ ਕੋਰੀਆ, ਮਲੇਸ਼ੀਆ, ਜਾਪਾਨ ਅਤੇ ਚੀਨ ਤੋਂ ਇਲਾਵਾ ਕੱਟੜ ਵਿਰੋਧੀ ਪਾਕਿਸਤਾਨ ਨਾਲ ਵੀ ਹੋਣਗੇ। ਏਸ਼ੀਅਨ ਚੈਂਪੀਅਨਜ਼ ਟਰੌਫ਼ੀ ਚੇਨਈ 2023 ਸਭ-ਮਹੱਤਵਪੂਰਣ ਹੈਗਜ਼ੂ ਏਸ਼ੀਅਨ ਖੇਡਾਂ 2023 ਲਈ ਇੱਕ ਤਿਆਰੀ ਸਮਾਗਮ ਵਜੋਂ ਵੀ ਕੰਮ ਕਰੇਗੀ।
ਡਰੈਗ ਫ਼ਲਿਕਰ ਹਰਮਨਪ੍ਰੀਤ ਸਿੰਘ ਅਤੇ ਡਿਫ਼ੈਂਡਰ ਹਾਰਦਿਕ ਸਿੰਘ ਨੂੰ ਕ੍ਰਮਵਾਰ ਕਪਤਾਨ ਅਤੇ ਉੱਪ ਕਪਤਾਨ ਬਣਾਇਆ ਗਿਆ ਹੈ। ਪੀ. ਆਰ. ਸ਼੍ਰੀਜੇਸ਼ ਅਤੇ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਟੀਮ ਦੇ ਮਨੋਨੀਤ ਗੋਲਕੀਪਰਾਂ ਵਜੋਂ ਰੱਖਿਆ ਗਿਆ ਹੈ ਜਦੋਂ ਕਿ ਜਰਮਨਪ੍ਰੀਤ ਸਿੰਘ, ਸੁਮਿਤ, ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਤੇ ਅਮਿਤ ਰੋਹੀਦਾਸ ਨੂੰ ਡਿਫ਼ੈਂਡਰ ਰੱਖਿਆ ਗਿਆ ਹੈ।
ਇਸ ਦੌਰਾਨ ਮਿਡਫ਼ੀਲਡ ਦੀ ਅਗਵਾਈ ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ ਅਤੇ ਨੀਲਕਾਂਤਾ ਸ਼ਰਮਾ ਕਰਨਗੇ। ਇਸ ਤੋਂ ਇਲਾਵਾ, ਮਨਪ੍ਰੀਤ ਸਿੰਘ ਪ੍ਰੋ ਲੀਗ ਦੇ ਯੂਰਪੀਅਨ ਗੇੜ ਦੌਰਾਨ ਪਹਿਲਾਂ ਡਿਫ਼ੈਂਡਰ ਵਜੋਂ ਸੂਚੀਬੱਧ ਹੋਣ ਤੋਂ ਬਾਅਦ ਮਿਡਫ਼ੀਲਡ ‘ਚ ਵਾਪਸੀ ਕਰੇਗਾ।
ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸੁਖਜੀਤ ਸਿੰਘ, ਅਤੇ ਐਸ ਕਾਰਤੀ ਫ਼ਾਰਵਰਡ ਲਾਈਨ ਸ਼ਾਮਿਲ ਸਨ। ਇਹ ਫ਼ਾਰਵਰਡ ਮਹੱਤਵਪੂਰਣ ਗੋਲ ਕਰਨ, ਗੋਲ ਕਰਨ ਦੇ ਮੌਕੇ ਪੈਦਾ ਕਰਨ ਅਤੇ ਵਿਰੋਧੀ ਡਿਫ਼ੈਂਸ ‘ਤੇ ਲਗਾਤਾਰ ਦਬਾਅ ਬਣਾਉਣ ਦੇ ਸਮਰੱਥ ਹਨ। ਟੀਮ ਦੀ ਚੋਣ ‘ਤੇ ਬੋਲਦੇ ਹੋਏ ਮੁੱਖ ਕੋਚ ਕ੍ਰੇਗ ਫ਼ੁਲਟਨ ਨੇ ਕਿਹਾ, ”ਅਸੀਂ ਸਾਵਧਾਨੀ ਨਾਲ ਇੱਕ ਟੀਮ ਚੁਣੀ ਹੈ ਜਿਸ ‘ਚ ਅੱਗੇ ਵਧਣ ਅਤੇ ਏਸ਼ੀਅਨ ਚੈਂਪੀਅਨਜ਼ ਟਰੌਫ਼ੀ ਚੇਨਈ 2023 ਦਾ ਚੰਗਾ ਲੇਖਾ-ਜੋਖਾ ਕਰਨ ਦੀ ਸਮਰੱਥਾ ਹੈ।”
ਉਨ੍ਹਾਂ ਕਿਹਾ, ”ਚੇਨਈ ‘ਚ ਆਗਾਮੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਲਈ ਚੁਣੀ ਗਈ ਭਾਰਤੀ ਪੁਰਸ਼ ਟੀਮ ‘ਚ ਕੁਝ ਨੌਜਵਾਨਾਂ ਅਤੇ ਤਜਰਬੇ ਦਾ ਸੁਮੇਲ ਹੈ। ਟੀਮ ਲਈ ਇਹ ਇੱਕ ਰੋਮਾਂਚਕ ਪੜਾਅ ਹੈ ਕਿਉਂਕਿ ਅਸੀਂ ਕੱਲ੍ਹ ਸਪੇਨ ‘ਚ 100ਵੀਂ ਵਰ੍ਹੇਗੰਢ ਸਪੈਨਿਸ਼ ਹਾਕੀ ਫ਼ੈਡਰੇਸ਼ਨ-ਅੰਤਰਰਾਸ਼ਟਰੀ ਟੂਰਨਾਮੈਂਟ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਉਸ ਟੂਰਨਾਮੈਂਟ ਤੋਂ ਬਾਅਦ ਚੇਨਈ ਲਈ ਸਿੱਧੇ ਉਡਾਣ ਭਰਨਗੇ। ਮੌਕਾ ਅਤੇ ਆਪਣੇ ਭਾਵੁਕ ਘਰੇਲੂ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਣ ਦੀ ਉਮੀਦ ਕਰਦੇ ਹਾਂ।”
ਪੰਜਾਬ ਦੇ 12 ਖਿਡਾਰੀ
ਚੇਨਈ ‘ਚ 2 ਅਗਸਤ ਤੋਂ ਸ਼ੁਰੂ ਹੋਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰੌਫ਼ੀ ਲਈ ਹਾਕੀ ਇੰਡੀਆ ਵਲੋਂ ਐਲਾਨੀ ਗਈ ਭਾਰਤੀ ਹਾਕੀ ਟੀਮ ‘ਚ 12 ਪੰਜਾਬੀ ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ 2021 ‘ਚ ਟੋਕਿਓ ਔਲੰਪਿਕਸ ‘ਚ ਭਾਰਤੀ ਹਾਕੀ ਟੀਮ ‘ਚ 11 ਪੰਜਾਬੀ ਖਿਡਾਰੀ ਸਨ, ਅਤੇ ਉਸ ਟੀਮ ਨੇ ਕਾਂਸੀ ਦਾ ਤਮਗ਼ਾ ਹਾਸਿਲ ਕੀਤਾ ਸੀ। ਹੁਣ ਇੱਕ ਵਾਰ ਫ਼ਿਰ ਹਾਕੀ ਇੰਡੀਆ ਵਲੋਂ ਪੰਜਾਬੀ ਖਿਡਾਰੀਆਂ ‘ਤੇ ਵਧੇਰੇ ਭਰੋਸਾ ਪ੍ਰਗਟਾਇਆ ਗਿਆ ਹੈ, ਅਤੇ ਆਸ ਕੀਤੀ ਜਾ ਰਹੀ ਹੈ ਕਿ ਏਸ਼ੀਅਨ ਹਾਕੀ ਚੈਂਪੀਅਨਜ਼ ਟਰੌਫ਼ੀ ਦਾ ਸੋਨ ਤਮਗ਼ਾ ਭਾਰਤ ਦੀ ਝੋਲੀ ‘ਚ ਜ਼ਰੂਰ ਪਵੇਗਾ। ਭਾਰਤੀ ਹਾਕੀ ਟੀਮ ‘ਚ ਚੁਣੇ ਗਏ ਪੰਜਾਬੀ ਖਿਡਾਰੀਆਂ ‘ਚ ਹਰਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ (ਉੱਪ ਕਪਤਾਨ), ਕ੍ਰਿਸ਼ਨਾ ਬਹਾਦੁਰ ਪਾਠਕ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਵਰੁਣ ਕੁਮਾਰ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸੁਖਜੀਤ ਸਿੰਘ ਸ਼ਾਮਿਲ ਹਨ। ਇਨ੍ਹਾਂ ‘ਚ ਪੰਜ ਖਿਡਾਰੀ ਜਲੰਧਰ ਨਾਲ ਸਬੰਧਤ ਹਨ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਸਾਰੇ ਖਿਡਾਰੀਆ ਨੂੰ ਸ਼ੁਭਕਾਮਨਾਵਾਂ ਦਿੰਦਿਆ ਪੰਜਾਬ ਦੇ ਹਾਕੀ ਪ੍ਰੈਮੀਆਂ ਨੂੰ ਵਧਾਈ ਦਿੱਤੀ।