128 ਸਾਲਾਂ ਬਾਅਦ ਔਲੰਪਿਕਸ ‘ਚ ਕ੍ਰਿਕਟ ਦੀ ਵਾਪਸੀ

ਨਵੀਂ ਦਿੱਲੀ: ਔਲੰਪਿਕਸ ‘ਚ ਆਪਣੇ ਆਖਰੀ ਪ੍ਰਦਰਸ਼ਨ ਦੇ ਲਗਭਗ 128 ਸਾਲਾਂ ਬਾਅਦ ਖੇਡਾਂ ਦੇ ਇਸ ਮੈਗਾ ਈਵੈਂਟ ‘ਚ ਕ੍ਰਿਕਟ ਵਾਪਸੀ ਕਰ ਸਕਦਾ ਹੈ। ਸਾਲ 2028 ‘ਚ ਹੋਣ ਵਾਲੇ ਲੌਸ ਐਂਜਲਸ ਔਲੰਪਿਕਸ ‘ਚ ਕ੍ਰਿਕਟ ਦੀ ਵਾਪਸੀ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ 2028 ਤੋਂ ਔਲੰਪਿਕਸ ‘ਚ ਕ੍ਰਿਕਟ ਨਿਯਮਿਤ ਰੂਪ ਨਾਲ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਔਲੰਪਿਕਸ ‘ਚ ਕ੍ਰਿਕਟ ਨੇ ਪਹਿਲੀ ਵਾਰ ਸਾਲ 1900 ‘ਚ ਪੈਰਿਸ ‘ਚ ਮੌਜੂਦਗੀ ਦਰਜ ਕਰਾਈ ਸੀ। ਓਦੋਂ ਕ੍ਰਿਕਟ ‘ਚ ਸੋਨ ਤਮਗ਼ਾ ਦਾਅ ‘ਤੇ ਲੱਗਾ ਸੀ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਕ੍ਰਿਕਟ ਔਲੰਪਿਕਸ ‘ਚ ਨਜ਼ਰ ਆਵੇਗਾ। ਸੂਤਰਾਂ ਮੁਤਾਬਿਕ, ਔਲੰਪਿਕਸ ‘ਚ ਪੁਰਸ਼ ਅਤੇ ਮਹਿਲਾ T-20 ਮੁਕਾਬਲਿਆਂ ਨੂੰ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਹੈ।
ਰਿਪੋਰਟ ਮੁਤਾਬਿਕ ਫ਼ਿਲਹਾਲ ਔਲੰਪਿਕਸ ‘ਚ ਕ੍ਰਿਕਟ ਲਈ ਮੌਜੂਦਾ ਪ੍ਰਸਤਾਵ ਪੰਜ ਟੀਮਾਂ ਦਾ ਹੈ। ਇਨ੍ਹਾਂ ਟੀਮਾਂ ਦਾ ਫ਼ੈਸਲਾ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦੀ ਰੈਂਕਿੰਗ ਦੇ ਆਧਾਰ ‘ਤੇ ਕੀਤਾ ਜਾਵੇਗਾ। ਬਰਮਿੰਘਮ ‘ਚ 2022 ਰਾਸ਼ਟਰਮੰਡਲ ਖੇਡਾਂ ‘ਚ ਮਹਿਲਾ T-20 ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਸੀ। ਔਲੰਪਿਕਸ ‘ਚ ਕ੍ਰਿਕਟ ਦੀ ਸ਼ਮੂਲੀਅਤ ਅੰਤਰਰਾਸ਼ਟਰੀ ਔਲੰਪਿਕਸ ਕਮੇਟੀ (IOC) ਨੂੰ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰੇਗੀ ਜਿਸਨੇ ਕ੍ਰਿਕਟ ਨੂੰ ਬੇਸਬਾ, ਸੌਫ਼ਟਬਾਲ, ਫ਼ਲੈਗ ਫ਼ੁੱਟਬਾਲ, ਲੈਕਰੌਸ, ਬ੍ਰੇਕ ਡੈਂਸਿੰਗ, ਕਰਾਟੇ, ਕਿੱਕ ਬੌਕਸਿੰਗ, ਸਕੁਐਸ਼ ਅਤੇ ਮੋਟਰਸਪੋਰਟ ਦੇ ਨਾਲ ਲੌਸ ਐਂਜਲਸ 2028 ਲਈ ਚੁਣੀਆਂ ਗਈਆਂ ਨੌਂ ਖੇਡਾਂ ‘ਚੋਂ ਇੱਕ ਬਣਾਇਆ ਹੈ।