ਹਰਿਆਣਾ ਦੇ ਨੂਹ ‘ਚ ਮਸਜਿਦ ਨੂੰ ਲਾਈ ਗਈ ਅੱਗ, ਪੁਲਸ ਕਰ ਰਹੀ ਸ਼ੱਕੀਆਂ ਦੀ ਭਾਲ

ਗੁਰੂਗ੍ਰਾਮ- ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਇਕ ਮਸਜਿਦ ਨੂੰ ਅੱਗ ਲਾ ਦਿੱਤੀ ਗਈ, ਜਦਕਿ ਇਕ ਹੋਰ ਮਸਜਿਦ ‘ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਦੋਵੇਂ ਘਟਨਾਵਾਂ ਬੁੱਧਵਾਰ ਰਾਤ ਕਰੀਬ ਸਾਢੇ 11 ਵਜੇ ਵਾਪਰੀਆਂ ਅਤੇ ਇਸ ‘ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਇਕ ਮਸਜਿਦ ਵਿਜੇ ਚੌਕ ਨੇੜੇ ਅਤੇ ਦੂਜੀ ਇਕ ਪੁਲਸ ਥਾਣੇ ਕੋਲ ਸਥਿਤ ਹੈ। ਦੋਵੇਂ ਮਸਜਿਦਾਂ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਹੈ। ਪੁਲਸ ਅਧਿਕਾਰੀ ਵਰੁਣ ਸਿੰਗਲਾ ਨੇ ਕਿਹਾ ਕਿ ਇਕ ਮਸਜਿਦ ‘ਚ ਅੱਗ ਲਾਈ ਗਈ, ਜਦਕਿ ਇਕ ਹੋਰ ਮਸਜਿਦ ‘ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਪ੍ਰਤੀਤ ਹੋ ਰਹੀ ਹੈ। ਪੁਲਸ ਨੇ ਹਾਲਾਤ ‘ਤੇ ਕਾਬੂ ਪਾ ਲਿਆ ਹੈ ਅਤੇ ਸ਼ੱਕੀਆਂ ਨੂੰ ਫੜ੍ਹਨ ਲਈ ਛਾਪੇ ਮਾਰ ਰਹੀ ਹੈ।
ਪੁਲਸ ਨੇ ਦੱਸਿਆ ਕਿ ਘਟਨਾਵਾਂ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਟੈਂਡਰ ਦੋਵੇਂ ਮਸਜਿਦਾਂ ‘ਤੇ ਪਹੁੰਚ ਗਏ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਆਲੇ-ਦੁਆਲੇ ਦੇ ਇਲਾਕਿਆਂ ‘ਚ ਲੱਗੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਪੁਲਸ ਨੇ ਕਿਹਾ ਸੀ ਕਿ ਦੋ ਮਸਜਿਦਾਂ ‘ਤੇ ਪੈਟਰੋਲ ਬੰਬ ਸੁੱਟੇ ਗਏ ਸਨ। ਪੁਲਸ ਨੇ ਵੀਰਵਾਰ ਨੂੰ ਨੂਹ ‘ਚ ਕਰਫਿਊ ‘ਚ ਢਿੱਲ ਦਿੱਤੀ ਹੈ।
ਦੱਸ ਦੇਈਏ ਕਿ ਨੂਹ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਨੇ ਕਿਹਾ ਕਿ ਲੋਕ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜ਼ਰੂਰੀ ਚੀਜ਼ਾਂ ਖਰੀਦ ਸਕਦੇ ਹਨ। ਨੂਹ ਅਤੇ ਪਲਵਲ ‘ਚ ਮਨਾਹੀ ਦੇ ਹੁਕਮ ਲਾਗੂ ਹਨ। ਨੂਹ ਤੋਂ ਸ਼ੁਰੂ ਹੋਈ ਫਿਰਕੂ ਹਿੰਸਾ ਮੰਗਲਵਾਰ ਨੂੰ ਗੁਰੂਗ੍ਰਾਮ ਤੱਕ ਫੈਲ ਗਈ, ਜਿੱਥੇ ਭੀੜ ਨੇ ਇਕ ਮੌਲਵੀ ਦਾ ਕਤਲ ਕਰ ਦਿੱਤਾ, ਇਕ ਰੈਸਟੋਰੈਂਟ ਨੂੰ ਅੱਗ ਲਾ ਦਿੱਤੀ ਅਤੇ ਦੁਕਾਨਾਂ ਦੀ ਭੰਨ-ਤੋੜ ਕੀਤੀ। ਹਰਿਆਣਾ ਸਰਕਾਰ ਮੁਤਾਬਕ ਹਿੰਸਾ ‘ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 90 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।