ਐਡੀਲੇਡ: ਮੋਰੌਕੋ ਦੀ ਡਿਫ਼ੈਂਡਰ ਨੋਹੇਲਾ ਬੈਂਜ਼ੀਨਾ ਫ਼ੀਫ਼ਾ ਮਹਿਲਾ ਵਿਸ਼ਵ ਕੱਪ ਦੀ ਟੀਮ ਦੇ ਦੂਜੇ ਮੈਚ ‘ਚ ਦੱਖਣੀ ਕੋਰੀਆ ਵਿਰੁੱਧ ਜਦੋਂ ਮੈਦਾਨ ‘ਤੇ ਉਤਰੀ ਤਾਂ ਉਹ ਹਿਜਾਬ ਪਹਿਨ ਕੇ ਸੀਨੀਅਰ ਲੈਵਲ ਦੇ ਵਿਸ਼ਵ ਪੱਧਰੀ ਟੂਰਨਾਮੈਂਟ ‘ਚ ਖੇਡਣ ਵਾਲੀ ਪਹਿਲੀ ਮਹਿਲਾ ਫ਼ੁੱਟਬਾਲਰ ਬਣ ਗਈ। ਫ਼ੀਫ਼ਾ ਨੇ ਧਰਮ ਦੇ ਕਾਰਨ ਮੈਚਾਂ ‘ਚ ਸਿਰ ਢੱਕ ਕੇ ਖੇਡਣ ਦੀ ਪਾਬੰਦੀ ਨੂੰ ਸਿਹਤ ਅਤੇ ਸੁਰੱਖਿਆ ਕਾਰਨਾਂ ਤੋਂ 2014 ‘ਚ ਪਲਟ ਦਿੱਤਾ ਸੀ।
ਮੁਸਲਿਮ ਵੂਮੈੱਨ ਇਨ ਸਪੋਰਟਸ ਨੈੱਟਵਰਕ ਦੀ ਸਹਿ-ਸੰਸਥਾਪਕ ਅਸਮਾਹ ਹੇਲਾਲ ਨੇ ਕਿਹਾ, ”ਮੈਨੂੰ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਵੱਧ ਤੋਂ ਵੱਧ ਮਹਿਲਾਵਾਂ ਅਤੇ ਮੁਸਲਿਮ ਲੜਕੀਆਂ ਬੈਨਜ਼ੀਨਾ ਤੋਂ ਪ੍ਰੇਰਣਾ ਲੈਣਗੀਆਂ ਤੇ ਇਸ ਦਾ ਸਿਰਫ਼ ਖਿਡਾਰੀਆਂ ‘ਤੇ ਹੀ ਨਹੀਂ ਸਗੋਂ ਮੈਨੂੰ ਲੱਗਦਾ ਹੈ ਕਿ ਫ਼ੈਸਲਾ ਕਰਨ ਵਾਲੇ ਕੋਚਾਂ ਅਤੇ ਹੋਰ ਖੇਡਾਂ ‘ਤੇ ਵੀ ਅਸਰ ਪਵੇਗਾ।” ਬੈਨਜ਼ੀਨਾ ਮੋਰੌਕੋ ਦੀ ਚੋਟੀ ਦੀ ਮਹਿਲਾ ਲੀਗ ‘ਚ ਐਸੋਸੀਏਸ਼ਨ ਸਪੋਰਟਸ ਔਫ਼ ਫ਼ੋਰਸਿਜ਼ ਆਰਮਡ ਰੌਇਲ ਲਈ ਪੇਸ਼ੇਵਰ ਕਲੱਬ ਫ਼ੁੱਟਬਾਲ ਖੇਡਦੀ ਹੈ।