ਨਵੀਂ ਦਿੱਲੀ: ਲੰਬੇ ਸਮੇਂ ਤੋਂ ਸੱਟਾਂ ਕਾਰਨ ਬਾਹਰ ਚੱਲ ਰਹੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਭਾਰਤੀ ਟੀਮ ‘ਚ ਵਾਪਸੀ ਕੀਤੀ ਹੈ ਅਤੇ ਉਹ ਡਬਲਿਨ ‘ਚ ਆਇਰਲੈਂਡ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ T-20 ਅੰਤਰਰਾਸ਼ਟਰੀ ਕ੍ਰਿਕਟ ਸੀਰੀਜ਼ ‘ਚ ਟੀਮ ਦੀ ਅਗਵਾਈ ਕਰੇਗਾ। ਆਇਰਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਇਹ ਸੀਰੀਜ਼ 18 ਤੋਂ 23 ਅਗਸਤ ਤਕ ਖੇਡੀ ਜਾਵੇਗੀ। ਬੁਮਰਾਹ ਦੀ ਪਿੱਠ ਦੀ ਸੱਟ ਲਈ ਨਿਊ ਜ਼ੀਲੈਂਡ ‘ਚ ਔਪਰੇਸ਼ਨ ਹੋਇਆ ਸੀ, ਅਤੇ ਉਹ ਪਿਛਲੇ ਕੁਝ ਸਮੇਂ ਤੋਂ ਨੈਸ਼ਨਲ ਕ੍ਰਿਕਟ ਅਕੈਡਮੀ (NCA) ‘ਚ ਮੁੜ ਵਸੇਬੇ ‘ਤੇ ਸੀ। ਇਸ ਤੇਜ਼ ਗੇਂਦਬਾਜ਼ ਨੇ ਅਲੂਰ ‘ਚ ਮੁੰਬਈ ਖ਼ਿਲਾਫ਼ ਹਾਲ ਹੀ ਦੇ ਮੈਚ ‘ਚ ਆਪਣੇ ਪੂਰੇ 10 ਓਵਰਾਂ ਦੇ ਕੋਟੇ ਦੀ ਗੇਂਦਬਾਜ਼ੀ ਕੀਤੀ।
ਚੋਣਕਾਰਾਂ ਨੇ ਕਰਨਾਟਕ ਦੇ ਤੇਜ਼ ਗੇਂਦਬਾਜ਼ ਕ੍ਰਿਸ਼ਨਾ ਨੂੰ ਵੀ ਟੀਮ ‘ਚ ਸ਼ਾਮਿਲ ਕੀਤਾ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਭਾਰਤ ਲਈ ਆਪਣਾ ਆਖਰੀ ਮੈਚ ਪਿਛਲੇ ਸਾਲ ਅਗਸਤ ‘ਚ ਜ਼ਿੰਬਾਬਵੇ ਖ਼ਿਲਾਫ਼ ਵਨਡੇ ਵਜੋਂ ਖੇਡਿਆ ਸੀ। ਉਸ ਤੋਂ ਬਾਅਦ ਉਸ ਦਾ ਸਟਰੈੱਸ ਫ਼੍ਰੈਕਚਰ ਦਾ ਔਪਰੇਸ਼ਨ ਹੋਇਆ। ਰੁਤੂਰਾਜ ਗਾਇਕਵਾੜ ਨੂੰ ਟੀਮ ਦਾ ਉੱਪ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਆਇਰਲੈਂਡ ਖ਼ਿਲਾਫ਼ ਭਾਰਤੀ ਟੀਮ: ਜਸਪ੍ਰੀਤ ਬੁਮਰਾਹ (ਕਪਤਾਨ), ਰੁਤੂਰਾਜ ਗਾਇਕਵਾੜ (ਉੱਪ-ਕਪਤਾਨ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਸ਼ਾਹ ਅਹਿਮਦ, ਰਵੀ ਬਿਸ਼ਨੋਈ, ਪ੍ਰਸਿਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਅਵੇਸ਼ ਖ਼ਾਨ।