ਨੂਹ ਹਿੰਸਾ ‘ਤੇ ਬੋਲੇ ਖੱਟੜ- ਦੰਗਾਕਾਰੀਆਂ ਕੋਲੋਂ ਕਰਾਂਗੇ ਨੁਕਸਾਨ ਦੀ ਪੂਰਤੀ

ਨੂਹ ਕਾਂਡ ਨੂੰ ਮੰਦਭਾਗਾ ਦੱਸਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਨੁਕਸਾਨ ਦੀ ਪੂਰਤੀ ਦੰਗਾਕਾਰੀਆਂ ਕੋਲੋਂ ਕੀਤੀ ਜਾਏਗੀ। ਇਸ ਦੁਖਦਾਈ ਘਟਨਾ ਵਿਚ ਹੋਮਗਾਰਡ ਦੇ 2 ਜਵਾਨਾਂ ਅਤੇ ਚਾਰ ਨਾਗਰਿਕਾਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨਲਹਾਰ ਹਸਪਤਾਲ, ਮੇਦਾਂਤਾ ਹਸਪਤਾਲ ਅਤੇ ਗੁਰੂਗ੍ਰਾਮ ਦੇ ਹੋਰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।
ਮਨੋਹਰ ਲਾਲ ਨੇ ਦੱਸਿਆ ਕਿ ਸਾਜ਼ਿਸ਼ ਰਚਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਫ਼ਰਾਰ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 116 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਪੁਲਸ ਦੀਆਂ 30 ਕੰਪਨੀਆਂ ਪੀੜਤ ਇਲਾਕਿਆਂ ’ਚ ਤਾਇਨਾਤ ਕੀਤੀਆਂ ਗਈਆਂ ਹਨ। ਕੇਂਦਰੀ ਸੁਰੱਖਿਆ ਫੋਰਸਾਂ ਦੀਆਂ 20 ਕੰਪਨੀਆਂ ਕੇਂਦਰ ਤੋਂ ਮਿਲੀਆਂ ਹਨ। ਇਨ੍ਹਾਂ ਵਿਚੋਂ 3 ਨੂੰ ਪਲਵਲ ਵਿਚ, 2 ਨੂੰ ਗੁਰੂਗ੍ਰਾਮ ਤੇ ਇੱਕ ਕੰਪਨੀ ਨੂੰ ਫਰੀਦਾਬਾਦ ’ਚ ਤਾਇਨਾਤ ਕੀਤਾ ਗਿਆ ਹੈ। ਬਾਕੀ 14 ਕੰਪਨੀਆਂ ਨੂਹ ਜ਼ਿਲੇ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਆਮ ਨਾਗਰਿਕਾਂ ਦੀ ਸੁਰੱਖਿਆ ਕਰਨੀ ਸਾਡੀ ਜ਼ਿੰਮੇਵਾਰੀ ਹੈ। ਸਾਡੀਆਂ ਸੁਰੱਖਿਆ ਏਜੰਸੀਆਂ ਤੇ ਪੁਲਸ ਸਭ ਚੌਕਸ ਹਨ। ਹੋਰ ਥਾਵਾਂ ’ਤੇ ਵਾਪਰੀਆਂ ਇਕੱਲੀਆਂ ਘਟਨਾਵਾਂ ’ਤੇ ਵੀ ਕਾਬੂ ਪਾ ਲਿਆ ਗਿਆ ਹੈ। ਸਥਿਤੀ ਆਮ ਵਾਂਗ ਹੋ ਗਈ ਹੈ।
ਬਜਰੰਗ ਦਲ ਤੇ ਵਿਹਿਪ ਵਲੋਂ ਦਿੱਲੀ-ਐੱਨ. ਸੀ. ਆਰ ’ਚ ਰੈਲੀਆਂ ਦਾ ਐਲਾਨ
ਨੂਹ ਦੀ ਹਿੰਸਾ ਵਿਰੁੱਧ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਦਿੱਲੀ-ਐੱਨ.ਸੀ.ਆਰ. ਦੇ 23 ਖੇਤਰਾਂ ਵਿੱਚ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਕਈ ਇਲਾਕਿਆਂ ’ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਜਰੰਗ ਦਲ ਦੇ ਮੋਨੂੰ ਮਾਨੇਸਰ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਪੁਲਸ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਮਨੂ ਮਾਨੇਸਰ ਦੇ ਵੀਡੀਓ ਦੀ ਐਸ. ਆਈ. ਟੀ. ਜਾਂਚ ਕਰੇਗੀ।
ਰੈਲੀਆਂ ’ਚ ਨਫ਼ਰਤ ਭਰੇ ਭਾਸ਼ਣਾਂ ਅਤੇ ਹਿੰਸਾ ’ਤੇ ਲੱਗੇ ਰੋਕ : ਸੁਪਰੀਮ ਕੋਰਟ
ਰੈਲੀਆਂ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਰੈਲੀਆਂ ਦੌਰਾਨ ਨਫ਼ਰਤ ਵਾਲੇ ਭਾਸ਼ਣ ਨਾ ਹੋਣ ਅਤੇ ਹਿੰਸਾ ਨੂੰ ਰੋਕਿਆ ਜਾਵੇ। ਨਾਜ਼ੁਕ ਖੇਤਰਾਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ ਅਤੇ ਉਨ੍ਹਾਂ ਦੀ ਫੁਟੇਜ ਨੂੰ ਸੁਰੱਖਿਅਤ ਰਖਿਆ ਜਾਏ। ਲੋੜ ਪੈਣ ’ਤੇ ਵਾਧੂ ਪੁਲਸ ਜਾਂ ਨੀਮ ਸੁਰੱਖਿਆ ਫੋਰਸਾਂ ਦੇ ਜਵਾਨ ਤਾਇਨਾਤ ਕੀਤੇ ਜਾਣ।