68 ਮੰਜ਼ਿਲਾ ਟਾਵਰ ਤੋਂ ਡਿੱਗਣ ਕਾਰਨ ਮਸ਼ਹੂਰ ਸਟੰਟਮੈਨ ਦੀ ਮੌਤ, ਇਹ ਸੀ ਉਸ ਦੀ ਆਖ਼ਰੀ ਪੋਸਟ

ਪੈਰਿਸ – ਗਗਨਚੁੰਬੀ ਇਮਾਰਤਾਂ ‘ਤੇ ਚੜ੍ਹ ਕੇ ਸਟੰਟ ਕਰਨ ਲਈ ਜਾਣੇ ਜਾਂਦੇ ਫਰਾਂਸੀਸੀ ਡੇਅਰਡੈਵਿਲ ਰੇਮੀ ਲੂਸੀਡੀ ਦੀ 68 ਮੰਜ਼ਿਲਾ ਇਮਾਰਤ ਤੋਂ ਡਿੱਗ ਕੇ ਮੌਤ ਹੋ ਗਈ। ਰੇਮੀ ਲੂਸੀਡੀ ਹਾਂਗਕਾਂਗ ਦੀ ਜਿਸ ਗਗਨਚੁੰਬੀ ਤੋਂ ਡਿੱਗਾ, ਉਸ ਦੀ ਉਚਾਈ 721 ਫੁੱਟ ਹੈ। ਉਸ ਨੇ ਆਪਣੀ ਮੌਤ ਤੋਂ 6 ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਖਰੀ ਪੋਸਟ ਪਾਈ ਸੀ, ਜਿਸ ‘ਚ ਹਾਂਗਕਾਂਗ ਦੀ ਇਮਾਰਤ ਦਿਖਾਈ ਦੇ ਰਹੀ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ, ਲੂਸੀਡੀ ਟ੍ਰੇਗੁੰਟਰ ਟਾਵਰ ਕੰਪਲੈਕਸ ‘ਤੇ ਚੜ੍ਹ ਰਿਹਾ ਸੀ ਜਦੋਂ ਉਹ ਡਿੱਗ ਗਿਆ ਅਤੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਮੰਨਿਆ ਜਾ ਰਿਹਾ ਹੈ ਕਿ ਉਹ ਉਪਰਲੀ ਮੰਜ਼ਿਲ ਦੇ ਪੈਂਟਹਾਊਸ ਦੇ ਬਾਹਰ ਫੱਸ ਗਿਆ ਸੀ। ਹਾਂਗਕਾਂਗ ਦੇ ਅਧਿਕਾਰੀਆਂ ਦੇ ਅਨੁਸਾਰ, ਲੂਸੀਡੀ ਨੂੰ ਸ਼ਾਮ 6 ਵਜੇ ਦੇ ਕਰੀਬ ਇਮਾਰਤ ਵਿਚ ਦੇਖਿਆ ਗਿਆ ਅਤੇ ਉਸ ਨੇ ਗੇਟ ‘ਤੇ ਸੁਰੱਖਿਆ ਗਾਰਡ ਨੂੰ ਕਿਹਾ ਕਿ ਉਹ 40ਵੀਂ ਮੰਜ਼ਿਲ ‘ਤੇ ਇੱਕ ਦੋਸਤ ਨੂੰ ਮਿਲਣ ਆਇਆ ਹੈ। ਮੀਡੀਆ ਆਉਟਲੈਟ ਮੁਤਾਬਕ ਜਦੋਂ ਕਥਿਤ ਦੋਸਤ ਨੇ ਕਿਹਾ ਕਿ ਉਹ ਲੂਸੀਡੀ ਨੂੰ ਨਹੀਂ ਜਾਣਦਾ ਤਾਂ ਸੁਰੱਖਿਆ ਗਾਰਡ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਲੂਸੀਡੀ ਉਦੋਂ ਤੱਕ ਲਿਫਟ ਵਿੱਚ ਦਾਖਲ ਹੋ ਚੁੱਕਾ ਸੀ।
ਸੀ.ਸੀ.ਟੀ.ਵੀ. ਫੁਟੇਜ ‘ਚ ਲੂਸੀਡੀ ਨੂੰ 49ਵੀਂ ਮੰਜ਼ਿਲ ‘ਤੇ ਲਿਫਟ ਵਿਚੋਂ ਬਾਹਰ ਨਿਕਲਦੇ ਅਤੇ ਫਿਰ ਪੌੜੀਆਂ ਚੜ੍ਹ ਕੇ ਇਮਾਰਤ ਦੀ ਸਿਖਰ ‘ਤੇ ਜਾਂਦੇ ਦੇਖਿਆ ਗਿਆ। ਸੋਸ਼ਲ ਮੀਡੀਆ ‘ਤੇ ‘ਰੇਮੀ ਏਨਿਗਮਾ’ ਦੇ ਨਾਂ ਨਾਲ ਜਾਣਿਆ ਜਾਂਦਾ ਲੂਸੀਡੀ, ਡਿੱਗਣ ਤੋਂ ਪਹਿਲਾਂ ਹਾਂਗਕਾਂਗ ਦੀ 721 ਫੁੱਟ ਟ੍ਰੇਗੁੰਟਰ ਟਾਵਰ ਦੀ 68ਵੀਂ ਮੰਜ਼ਿਲ ‘ਤੇ ਪਹੁੰਚ ਗਿਆ ਸੀ। ਉਸ ਨੂੰ ਸ਼ਾਮ 7:38 ‘ਤੇ ਕੰਪਲੈਕਸ ਦੇ ਪੈਂਟਹਾਊਸ ਦੀ ਖਿੜਕੀ ਨੂੰ ਖੜਕਾਉਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਅਪਾਰਟਮੈਂਟ ਵਿਚ ਮੌਜੂਦ ਇਕ ਨੌਕਰਾਣੀ ਨੇ ਪੁਲਸ ਨੂੰ ਮੌਕੇ ‘ਤੇ ਸੱਦਿਆ। ਮੀਡੀਆ ਰਿਪੋਰਟਾਂ ਅਨੁਸਾਰ, ਲੂਸੀਡੀ ਪੈਂਟਹਾਊਸ ਦੇ ਬਾਹਰ ਫਸ ਗਿਆ ਸੀ ਅਤੇ ਆਪਣਾ ਸੰਤੁਲਨ ਗੁਆਉਣ ਤੋਂ ਪਹਿਲਾਂ ਮਦਦ ਲਈ ਖਿੜਕੀ ‘ਤੇ ਹੱਥ ਮਾਰ ਰਿਹਾ ਸੀ। ਪੁਲਸ ਨੂੰ ਘਟਨਾ ਵਾਲੀ ਥਾਂ ‘ਤੇ ਲੂਸੀਡੀ ਦਾ ਕੈਮਰਾ ਮਿਲਿਆ ਹੈ ਅਤੇ ਇਸ ਵਿਚ ਉਸ ਦੇ ਉਚਾਈ ਵਾਲੇ ਸਟੰਟ ਦੀਆਂ ਕਈ ਵੀਡੀਓਜ਼ ਸਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।