25 ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਸਣੇ ਔਰਤ ਗ੍ਰਿਫ਼ਤਾਰ, ਮਾਸਟਰਮਾਈਂਡ ਵੀ ਦਬੋਚਿਆ

ਨਵੀਂ ਦਿੱਲੀ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਗੋਆ ਦੇ ਇਕ ਹੋਟਲ ‘ਚ ਛਾਪਾ ਮਾਰ ਕੇ ਇਕ ਭਾਰਤੀ ਔਰਤ ਨੂੰ 25 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 5.2 ਕਿਲੋਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਦੀ ਨਿਸ਼ਾਨਦੇਹੀ ‘ਤੇ ਦਿੱਲੀ ਤੋਂ ਇਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਆਰਆਈ ਅਧਿਕਾਰੀਆਂ ਮੁਤਾਬਕ ਔਰਤ 29 ਜੁਲਾਈ ਨੂੰ ਮਲਾਵੀ ਤੋਂ ਅਦੀਸ ਅਬਾਬਾ ਦੇ ਰਸਤੇ ਹੈਦਰਾਬਾਦ ਹਵਾਈ ਅੱਡੇ ‘ਤੇ ਉੱਤਰੀ ਸੀ, ਫਿਰ ਉਹ ਗੋਆ ਆ ਗਈ ਅਤੇ ਇਕ ਹੋਟਲ ਵਿੱਚ ਰੁਕ ਗਈ। ਗੋਆ ਤੋਂ ਉਸ ਨੇ ਦਿੱਲੀ ਆ ਕੇ ਇਕ ਵਿਅਕਤੀ ਨੂੰ ਹੈਰੋਇਨ ਪਹੁੰਚਾਉਣੀ ਸੀ।
ਖੁਫੀਆ ਸੂਚਨਾ ਦੇ ਆਧਾਰ ‘ਤੇ ਡੀਆਰਆਈ ਨੇ ਗੋਆ ਦੇ ਉਸ ਹੋਟਲ ‘ਤੇ ਛਾਪਾ ਮਾਰ ਕੇ ਔਰਤ ਦੇ ਟਰਾਲੀ ਬੈਗ ‘ਚੋਂ 5.2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੇ ਗਿਰੋਹ ਦਾ ਮਾਸਟਰਮਾਈਂਡ ਦਿੱਲੀ ਵਿੱਚ ਹੈ, ਜਿਸ ਕੋਲ ਉਸ ਨੇ ਇਹ ਹੈਰੋਇਨ ਪਹੁੰਚਾਉਣੀ ਸੀ। ਔਰਤ ਇਸ ਮਾਸਟਰਮਾਈਂਡ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਸੀ। ਮਹਿਲਾ ਦੀ ਸੂਹ ‘ਤੇ ਡੀਆਰਆਈ ਨੇ ਉਸ ਮਾਸਟਰਮਾਈਂਡ ਨੂੰ ਵੀ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨਾਈਜੀਰੀਆ ਦਾ ਨਾਗਰਿਕ ਹੈ।