ਅਨੁਸ਼ਾਸਨ ਹਥਿਆਰਬੰਦ ਫੋਰਸਾਂ ਦੀ ਅੰਦਰੂਨੀ ਪਛਾਣ : ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਛੁੱਟੀਆਂ ਪੂਰੀਆਂ ਹੋਣ ਤੋਂ ਬਾਅਦ ਡਿਊਟੀ ’ਤੇ ਵਾਪਸ ਨਾ ਪਰਤਣ ਦੇ ਮਾਮਲੇ ’ਚ ਬਰਖ਼ਾਸਤ ਕੀਤੇ ਜਾਣ ਖ਼ਿਲਾਫ਼ ਦਾਇਰ ਇਕ ਫ਼ੌਜੀ ਜਵਾਨ ਦੀ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਅਨੁਸ਼ਾਸਨ ਹਥਿਆਰਬੰਦ ਫੋਰਸਾਂ ਦੀ ਅੰਦਰੂਨੀ ਪਛਾਣ ਹੈ ਅਤੇ ਸੇਵਾ ਦੀ ਇਕ ਅਜਿਹੀ ਸ਼ਰਤ ਹੈ, ਜਿਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਪਟੀਸ਼ਨਰ 4 ਜਨਵਰੀ, 1983 ਨੂੰ ਮਿਲਟਰੀ ਸਰਵਿਸ ਕੋਰ ਵਿਚ ਮਕੈਨੀਕਲ ਵਹੀਕਲ ਚਾਲਕ ਵਜੋਂ ਭਰਤੀ ਹੋਇਆ ਸੀ। ਸਾਲ 1998 ਵਿਚ ਉਨ੍ਹਾਂ ਨੂੰ 8 ਨਵੰਬਰ ਤੋਂ 16 ਦਸੰਬਰ ਤੱਕ 39 ਦਿਨਾਂ ਦੀ ਛੁੱਟੀ ਦਿੱਤੀ ਗਈ ਸੀ। ਇਸ ਤੋਂ ਬਾਅਦ, ਉਸਨੇ ਤਰਸ ਦੇ ਅਧਾਰ ’ਤੇ ਛੁੱਟੀ ਵਧਾਉਣ ਦੀ ਬੇਨਤੀ ਕੀਤੀ, ਜਿਸ ਤੋਂ ਬਾਅਦ ਉੱਤਰਦਾਤਾਵਾਂ ਨੇ ਉਸਨੂੰ ਸਾਲ 1999 ਲਈ 30 ਦਿਨਾਂ ਦੀ ਛੁੱਟੀ ਪੇਸ਼ਗੀ ਤੌਰ ’ਤੇ ਦੇ ਦਿੱਤੀ। ਉਸਨੂੰ 17 ਦਸੰਬਰ 1998 ਤੋਂ 15 ਜਨਵਰੀ 1999 ਦਰਮਿਆਨ ਛੁੱਟੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਉਹ ਡਿਊਟੀ ’ਤੇ ਨਹੀਂ ਪਰਤਿਆ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਉਸਦੀ ਪਤਨੀ ਬੀਮਾਰ ਹੋ ਗਈ ਸੀ ਅਤੇ ਉਹ ਉਸਦੇ ਇਲਾਜ ਦਾ ਪ੍ਰਬੰਧ ਅਤੇ ਦੇਖਭਾਲ ਕਰ ਰਿਹਾ ਸੀ, ਜਿਸ ਕਾਰਨ ਉਹ ਛੁੱਟੀਆਂ ਖਤਮ ਹੋਣ ਤੋਂ ਬਾਅਦ ਵੀ ਡਿਊਟੀ ’ਤੇ ਨਹੀਂ ਪਰਤ ਸਕਿਆ।