ਬੰਗਾਲ ‘ਚ TMC ਦੇ ਨਵੇਂ ਚੁਣੇ ਪੰਚਾਇਤ ਮੈਂਬਰ ਦਾ ਗੋਲੀ ਮਾਰ ਕੇ ਕਤਲ

ਪੱਛਮੀ ਬੰਗਾਲ- ਪੱਛਮੀ ਬੰਗਾਲ ਦੇ ਦੱਖਣੀ-24 ਪਰਗਨਾ ਜ਼ਿਲ੍ਹੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਤ੍ਰਿਣਮੂਲ ਕਾਂਗਰਸ (TMC) ਦੇ ਇਕ ਨਵੇਂ ਚੁਣੇ ਪੰਚਾਇਤ ਮੈਂਬਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਪੰਚਾਇਤ ਮੈਂਬਰ ਨਾਲ ਮੌਜੂਦ ਇਕ ਹੋਰ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ। ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਕ ਪੁਲਸ ਅਧਿਕਾਰੀ ਮੁਤਾਬਕ ਮਗਰਾਹਾਟ ਪੂਰਬੀ ਗ੍ਰਾਮ ਪੰਚਾਇਤ ਮੈਂਬਰ ਮੈਮੁਰ ਘਰਾਮੀ ਸ਼ੁੱਕਰਵਾਰ ਦੇਰ ਰਾਤ ਜਦੋਂ ਘਰ ਪਰਤ ਰਹੇ ਸਨ ਤਾਂ ਅਣਪਛਾਤੇ ਬੰਦੂਕਧਾਰੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ ਉਨ੍ਹਾਂ ਦੀ ਮੌਤ ਯਕੀਨੀ ਕਰਨ ਲਈ ਉਨ੍ਹਾਂ ‘ਤੇ ਨੁਕੀਲੀ ਚੀਜ਼ ਨਾਲ ਵੀ ਵਾਰ ਕੀਤਾ। ਅਧਿਕਾਰੀ ਨੇ ਦੱਸਿਆ ਕਿ ਘਰਾਮੀ ਨਾਲ ਮੌਜੂਦ ਸ਼ਾਹਜਹਾਂ ਮੁੱਲਾ ਨਾਮੀ ਵਿਅਕਤੀ ਨੂੰ ਵੀ ਗੋਲੀ ਲੱਗੀ ਹੈ।
ਅਧਿਕਾਰੀ ਨੇ ਦੱਸਿਆ ਕਿ ਦੋਹਾਂ ਨੂੰ ਪਹਿਲਾ ਮਗਰਾਹਾਟ ਗ੍ਰਾਮੀਣ ਹਸਪਤਾਲ ਅਤੇ ਬਾਅਦ ‘ਚ ਡਾਇਮੰਡ ਹਾਰਬਰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਘਰਾਮੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਮੁੱਲਾ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਵਿਚ ਹਾਲ ਹੀ ‘ਚ ਪੰਚਾਇਚ ਚੋਣਾਂ ਹੋਈਆਂ ਸਨ, ਜਿਸ ਵਿਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਹੋਈ ਸੀ।