ਪਾਕਿ ‘ਚ ਵੀ ਕਹਿਰ ਬਣ ਵਰ੍ਹ ਰਿਹੈ ਮੀਂਹ, 2 ਦਿਨਾਂ ‘ਚ 14 ਲੋਕਾਂ ਦੀ ਮੌਤ, 7 ਜ਼ਖ਼ਮੀ

ਇਸਲਾਮਾਬਾਦ – ਪਾਕਿਸਤਾਨ ਵਿੱਚ ਪਿਛਲੇ 2 ਦਿਨਾਂ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (NDMA) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। NDMA ਨੇ ਕਿਹਾ ਕਿ ਮਾਨਸੂਨ ਦੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਪਹਾੜੀ ਖੇਤਰਾਂ ਵਿੱਚ ਅਚਾਨਕ ਹੜ੍ਹ ਆ ਗਿਆ ਹੈ, ਸ਼ਹਿਰੀ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ ਅਤੇ ਦੇਸ਼ ਭਰ ਵਿੱਚ ਘਰਾਂ ਨੂੰ ਨੁਕਸਾਨ ਪੁੱਜਾ ਹੈ।
ਮੀਡੀਆ ਰਿਪੋਰਟ ਅਨੁਸਾਰ ਖੈਬਰ ਖਤੂਨਖਵਾ ਵਿੱਚ 6, ਬਲੋਚਿਸਤਾਨ ਵਿੱਚ 5, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 2 ਅਤੇ ਸਿੰਧ ਵਿੱਚ 1 ਵਿਅਕਤੀ ਦੀ ਜਾਨ ਚਲੀ ਗਈ। ਮੋਹਲੇਧਾਰ ਮੀਂਹ ਸ਼ੁੱਕਰਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਹੀ ਅਤੇ ਦੇਸ਼ ਦੇ ਕੁਝ ਹਿੱਸਿਆਂ, ਖਾਸ ਕਰਕੇ ਪਹਾੜੀ ਖੇਤਰਾਂ ਵਿੱਚ ਤਬਾਹੀ ਮਚਾਈ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਵੀ ਰੈੱਡ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ 30 ਜੁਲਾਈ ਤੱਕ ਦੇਸ਼ ਦੇ ਉਪਰੀ ਅਤੇ ਮੱਧ ਹਿੱਸਿਆਂ ‘ਚ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ।