ਉੱਤਰੀ ਦਿੱਲੀ ਦੇ ਬਵਾਨਾ ਇਲਾਕੇ ‘ਚ ਮੁਕਾਬਲੇ ਤੋਂ ਗੋਗੀ ਗਿਰੋਹ ਦਾ ਮੈਂਬਰ ਗ੍ਰਿਫ਼ਤਾਰ

ਨਵੀਂ ਦਿੱਲੀ- ਉੱਤਰੀ ਦਿੱਲੀ ਦੇ ਬਵਾਨਾ ਇਲਾਕੇ ‘ਚ ਮੁਕਾਬਲੇ ਤੋਂ ਬਾਅਦ ਗੋਗੀ ਗਿਰੋਹ ਦੇ 23 ਸਾਲਾ ਇਕ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ‘ਤੇ ਜ਼ਬਰਨ ਵਸੂਲੀ ਅਤੇ ਲੁੱਟਖੋਹ ਦੀਆਂ ਘਟਨਾਵਾਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਸ਼ੁੱਕਰਵਾਰ ਨੂੰ ਬਾਹਰੀ ਉੱਤਰੀ ਜ਼ਿਲ੍ਹੇ ‘ਚ ਜ਼ਬਰਨ ਵਸੂਲੀ ਅਤੇ ਲੁੱਟਖੋਹ ਦੀਆਂ ਘਟਨਾਵਾਂ ‘ਚ ਸ਼ਾਮਲ ਇਕ ਗੈਂਗਸਟਰ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਪੁਲਸ ਦੀ ਇਕ ਟੀਮ ਬਵਾਨਾ ਪਹੁੰਚੀ ਅਤੇ ਸ਼ੱਕੀ ਨੂੰ ਫੜਨ ਲਈ ਜਾਲ ਵਿਛਾਇਆ।
ਪੁਲਸ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਦੱਸਿਆ ਕਿ ਟੀਮ ਨੇ ਮੋਟਰਸਾਈਕਲ ‘ਤੇ ਸਵਾਰ ਇਕ ਵਿਅਕਤੀ ਨੂੰ ਰੁਕਣ ਲਈ ਕਿਹਾ ਪਰ ਉਸ ਨੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਸ਼ੱਕੀ ਦੇ ਸੱਜੇ ਪੈਰ ‘ਤੇ ਗੋਲੀ ਮਾਰੀ ਅਤੇ ਉਸ ਨੂੰ ਫੜ ਲਿਆ। ਅਧਿਕਾਰੀ ਅਨੁਸਾਰ ਗੈਂਗਸਟਰ ਦੀ ਪਛਾਣ ਹਰਿਆਣਾ ਦੇ ਸੋਨੀਪਤ ਵਾਸੀ ਪਵਨ ਉਰਫ਼ ਪੂਨਾ ਵਜੋਂ ਹੋਈ ਹੈ, ਜਿਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਗੈਂਗਸਟਰ ਦੇ ਕਬਜ਼ੇ ਤੋਂ ਇਕ ਪਿਸਤੌਲ, ਇਕ ਕਾਰਤੂਸ ਅਤੇ ਅਲੀਪੁਰ ਇਲਾਕੇ ਤੋਂ ਲੁੱਟੀ ਗਈ ਇਕ ਮੋਟਰਸਾਈਕਲ ਬਰਾਮਦ ਹੋਈ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਇਸਤੇਮਾਲ ਕੀਤੇ ਗਏ 2 ਖ਼ਾਲੀ ਕਾਰਤੂਸ ਵੀ ਮਿਲੇ। ਉਨ੍ਹਾਂ ਕਿਹਾ ਕਿ ਬਵਾਨਾ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।