ਮੁੰਬਈ ‘ਚ ਮੋਹਲੇਧਾਰ ਮੀਂਹ ਕਾਰਨ ਰੈੱਡ ਅਲਰਟ ਜਾਰੀ, ਸਕੂਲਾਂ ਤੇ ਕਾਲਜਾਂ ‘ਚ ਛੁੱਟੀ ਦਾ ਐਲਾਨ

ਮੁੰਬਈ- ਮੁੰਬਈ ਵਿਚ ਪਿਛਲੇ 24 ਘੰਟਿਆਂ ‘ਚ ਮੋਹਲੇਧਾਰ ਮੀਂਹ ਪਿਆ ਹੈ, ਜਦਕਿ ਕੁਝ ਥਾਵਾਂ ‘ਤੇ ਕੁਝ ਥਾਵਾਂ ‘ਤੇ ਭਾਰੀ ਮੀਂਹ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਵੀਰਵਾਰ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਪਰ ਨੀਵੇਂ ਇਲਾਕਿਆਂ ‘ਚ ਜ਼ਿਆਦਾ ਪਾਣੀ ਭਰਨ ਦੀ ਕੋਈ ਰਿਪੋਰਟ ਨਹੀਂ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਮੁੰਬਈ ਕੇਂਦਰ ਨੇ ਵੀਰਵਾਰ ਨੂੰ ਸ਼ਹਿਰ ‘ਚ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (BMC) ਨੇ ਮੌਸਮ ਵਿਭਾਗ ਵਲੋਂ ਜਾਰੀ ‘ਰੈੱਡ ਅਲਰਟ’ ਤੋਂ ਬਾਅਦ ਵੀਰਵਾਰ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ।
BMC ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਲੇ 24 ਘੰਟਿਆਂ ‘ਚ ਸ਼ਹਿਰ ‘ਚ 45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪੱਛਮੀ ਰੇਲਵੇ ਅਤੇ ਮੱਧ ਰੇਲਵੇ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ‘ਚ ਕਿਹਾ ਕਿ ਉਪਨਗਰੀ ਸੇਵਾਵਾਂ ਆਮ ਹਨ ਪਰ ਕੁਝ ਯਾਤਰੀਆਂ ਨੇ ਦਾਅਵਾ ਕੀਤਾ ਕਿ ਟਰੇਨਾਂ 10-15 ਮਿੰਟ ਦੇਰੀ ਨਾਲ ਚੱਲ ਰਹੀਆਂ ਹਨ। BMC ਸਾਰੇ ਨਾਗਰਿਕਾਂ ਨੂੰ ਸੁਚੇਤ ਰਹਿਣ, ਘਰ ਦੇ ਅੰਦਰ ਰਹਿਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਦਾ ਹੈ।