ਮਣੀਪੁਰ ਦੇ ਮਾਮਲੇ ‘ਚ CM ਭਗਵੰਤ ਮਾਨ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ

ਜਲੰਧਰ- ਆਮ ਆਦਮੀ ਪਾਰਟੀ ਦੇ ਮੁਅੱਤਲ ਸੰਸਦ ਮੈਂਬਰ ਸੰਜੇ ਸਿੰਘ ਦਾ ਮਣੀਪੁਰ ‘ਚ ਚੱਲ ਰਹੀ ਹਿੰਸਾ ਖ਼ਿਲਾਫ਼ ਸੰਸਦ ਕੰਪਲੈਕਸ ‘ਚ ਪ੍ਰਦਰਸ਼ਨ ਚੌਥੇ ਦਿਨ ਵੀ ਜਾਰੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਸੰਸਦ ਭਵਨ ਕੰਪਲੈਕਸ ਪਹੁੰਚੇ ਅਤੇ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਵਿਚਾਲੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ‘ਤੇ ਚਰਚਾ ਹੋਈ। ਦੂਜੇ ਪਾਸੇ ਸਪਾ ਨੇਤਾ ਅਤੇ ਯੂ. ਪੀ. ਦੇ ਸਾਬਕਾ ਸੀ. ਐੱਮ. ਅਖਿਲੇਸ਼ ਯਾਦਵ ਨੇ ਵੀ ਅੱਜ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਸਮਰਥਨ ਦਿੱਤਾ।
ਸੰਜੇ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਕਬੂਤਰ ਅੱਖਾਂ ਬੰਦ ਕਰ ਲਵੇ ਤਾਂ ਬਿੱਲੀ ਦਾ ਹਮਲਾ ਨਹੀਂ ਰੁਕਦਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਣੀਪੁਰ ਦੇ ਸੰਕਟ ਨੂੰ ਪਛਾਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਦਨ ਵਿਚ ਆ ਕੇ ਜਵਾਬ ਦਿਓ। ਅੱਖਾਂ ਬੰਦ ਕਰਨ ਨਾਲ ਕੰਮ ਨਹੀਂ ਚੱਲੇਗਾ। ਸੰਜੇ ਸਿੰਘ ਨੇ ਮਨੀਪੁਰ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਇਹ ਅਤਿ ਨਿੰਦਣਯੋਗ ਹੈ। ਇਹ ਲੋਕ ਨਫ਼ਰਤ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਣੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ ਹੈ। ਰਾਸ਼ਟਰਪਤੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਹਾਲਾਤ ਕਿਹੋ-ਜਿਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮਣੀਪੁਰ ਵਿਚ ਇਹ ਸਭ ਹੋ ਰਿਹਾ ਸੀ ਤਾਂ ਸਾਡੇ ਪ੍ਰਧਾਨ ਮੰਤਰੀ ਕਦੇ ਜਾਪਾਨ, ਯੂ. ਏ. ਈ. ਵਿਚ ਸਨ।
ਦੱਸ ਦੇਈਏ ਕਿ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਦਾ ਸੰਸਦ ਕੰਪਲੈਕਸ ‘ਚ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਚੌਥੇ ਦਿਨ ਵੀ ਧਰਨਾ ਜਾਰੀ ਹੈ। ਮਨੀਪੁਰ ਹਿੰਸਾ ਨੂੰ ਲੈ ਕੇ ਪੀ. ਐੱਮ. ਮੋਦੀ ‘ਤੇ ਹਮਲਾ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਦੇਸ਼ ਦਾ ਇਕ ਹਿੱਸਾ ਸੜ ਰਿਹਾ ਹੈ। ਔਰਤਾਂ ਨਾਲ ਜਬਰ-ਜ਼ਿਨਾਹ ਹੋ ਰਹੇ ਹਨ। ਛੋਟੇ ਬੱਚਿਆਂ ਦਾ ਕਤਲ ਹੋ ਰਿਹਾ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਪਾਰਟੀਆਂ ਭਾਰਤ ਦੇ ਗਠਜੋੜ ਦੀ ਤੁਲਨਾ ਅੱਤਵਾਦੀ ਸੰਗਠਨ ਨਾਲ ਕਰ ਰਹੇ ਹਨ। ਬੁੱਧਵਾਰ ਨੂੰ ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਅਸੀਂ 2024 ਵਿੱਚ ਦੋਬਾਰਾ ਸੱਤਾ ਵਿੱਚ ਆਵਾਂਗੇ। ਇਸ ਦੇ ਜਵਾਬ ‘ਚ ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੁਝ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ। ਦੇਸ਼ ਵਾਸੀ ਤੁਹਾਨੂੰ ਸਵਾਲ ਪੁੱਛ ਰਹੇ ਹਨ। ਇਸ ਮੌਕੇ ਰਾਘਵ ਚੱਢਾ, ਸੁਸ਼ੀਲ ਕੁਮਾਰ ਰਿੰਕੂ ਵੀ ਮੌਜੂਦ ਰਹੇ। ਦੱਸ ਦੇਈਏ ਕਿ ਸਪਾ ਮੁਖੀ ਅਖਿਲੇਸ਼ ਯਾਦਵ, ਐੱਨ. ਸੀ. ਮੁਖੀ ਫਾਰੂਕ ਅਬਦੁੱਲਾ ਅਤੇ ਹੋਰ ਨੇਤਾ ਵੀ ਅੱਜ ਸੰਜੇ ਸਿੰਘ ਨੂੰ ਮਿਲੇ ਹਨ।
ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਮਣੀਪੁਰ ਵਿਚ 2 ਔਰਤਾਂ ਨਾਲ ਕੀਤੀ ਗਈ ਹੈਵਾਨੀਅਤ ਨੇ ਸਮੁੱਚੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਘਿਨੌਣੀ ਕਰਤੂਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੀ ਹਰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ। ਦਰਅਸਲ ਬੁੱਧਵਾਰ ਨੂੰ ਮਣੀਪੁਰ ਤੋਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਭੀੜ ਵੱਲੋਂ 2 ਔਰਤਾਂ ਨੂੰ ਨਗਨ ਹਾਲਤ ਵਿਚ ਪਰੇਡ ਕਰਵਾਈ ਦਾ ਰਹੀ ਹੈ ਅਤੇ ਨਾਲ ਹੀ ਘਿਨੌਣੀਆਂ ਹਰਕਤਾਂ ਵੀ ਕੀਤੀਆਂ ਜਾ ਰਹੀਆਂ ਹਨ। ਉਕਤ ਘਟਨਾ 4 ਮਈ ਦੀ ਦੱਸੀ ਜਾ ਰਹੀ ਹੈ।
ਇੰਡੀਜੀਨੀਅਸ ਟ੍ਰਾਈਬਲ ਲੀਡਰਸ ਫਾਰਮ ਦੇ ਬੁਲਾਰੇ ਮੁਤਾਬਕ ਇਹ ਸ਼ਰਮਨਾਕ ਘਟਨਾ 4 ਮਈ ਨੂੰ ਕਾਂਕਪੋਕਪੀ ਜ਼ਿਲ੍ਹੇ ਵਿਚ ਵਾਪਰੀ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਕੁਝ ਪੁਰਸ਼ ਲਾਚਾਰ ਔਰਤਾਂ ਨੂੰ ਬਿਨਾ ਕਪੜਿਆਂ ਦੇ ਘੁੰਮਾ ਰਹੇ ਹਨ ਅਤੇ ਉਨ੍ਹਾਂ ਨਾਲ ਲਗਾਤਾਰ ਛੇੜਛਾੜ ਕਰ ਰਹੇ ਹਨ। ਦੋਵੇਂ ਬੇਵੱਸ ਔਰਤਾਂ ਰੋ-ਰੋ ਕੇ ਉਨ੍ਹਾਂ ਦੀਆਂ ਮਿੰਨਤਾਂ ਵੀ ਕਰ ਰਹੀਆਂ ਹਨ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਵੱਲੋਂ ਇਸ ਬਾਰੇ ਬਿਆਨ ਵੀ ਜਾਰੀ ਕੀਤਾ ਗਿਆ। ਇਸ ਵਿਚ ਪੁਲਸ ਸੁਪਰੀਡੰਟ ਕੇ ਮੇਘਚੰਦਰਾ ਸਿੰਘ ਨੇ ਦੱਸਿਆ ਕਿ ਉਕਤ ਘਟਨਾ 4 ਮਈ 2023 ਦੀ ਹੈ, ਜਿੱਥੇ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਵੱਲੋਂ ਦੋਵਾਂ ਔਰਤਾਂ ਨਾਲ ਸਮੂਹਿਕ ਜਬਰ-ਜ਼ਿਨਾਹ ਮਗਰੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਨੋਂਗਪੋਕ ਸੇਕਮਾਈ ਪੁਲਸ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਸੀ ਤੇ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।