ਆਸਟ੍ਰੇਲੀਆ ‘ਚ ਗੋਲੀਬਾਰੀ ਦੀ ਘਟਨਾ, ਟਾਰਗੇਟ ਕਿਲਿੰਗ ‘ਚ ਇਕ ਵਿਅਕਤੀ ਦੀ ਮੌਤ

ਸਿਡਨੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ‘ਚ ਵੀਰਵਾਰ ਨੂੰ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ। ਫਿਲਹਾਲ ਪੁਲਸ ਨੇ ਇਸ ਘਟਨਾ ਨੂੰ ਟਾਰਗੇਟ ਕਿਲਿੰਗ ਕਰਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਨਿਊ ਸਾਊਥ ਵੇਲਜ਼ (NSW) ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ।
ਵਿਅਕਤੀ ਦੀ ਮੌਕੇ ‘ਤੇ ਹੀ ਮੌਤ
ਕੈਂਟਰਬਰੀ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਗੋਲੀ ਲੱਗਣ ਨਾਲ ਜ਼ਖਮੀ ਹੋਏ ਇਕ ਵਿਅਕਤੀ ਦਾ ਪੈਰਾਮੈਡਿਕਸ ਦੁਆਰਾ ਇਲਾਜ ਕੀਤਾ ਗਿਆ ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਦੋ ਦਿਨਾਂ ਦੇ ਅੰਦਰ ਦੂਜੀ ਘਟਨਾ
ਦੱਸ ਦੇਈਏ ਕਿ ਨਿਊ ਸਾਊਥ ਵੇਲਜ਼ ਵਿੱਚ ਦੋ ਦਿਨਾਂ ਦੇ ਅੰਦਰ ਇਹ ਦੂਜਾ ਟਾਰਗੇਟ ਕਿਲਿੰਗ ਹਮਲਾ ਹੈ। ਇਹ ਦੋਵੇਂ ਘਟਨਾਵਾਂ ਸਿਡਨੀ ਦੇ ਦੱਖਣ-ਪੱਛਮ ਵਿੱਚ ਵਾਪਰੀਆਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗ੍ਰੀਨਕਰ ਦੇ ਨਾਰੇਲ ਕ੍ਰੇਸੈਂਟ ‘ਤੇ ਇਕ 31 ਸਾਲਾ ਵਿਅਕਤੀ ਨੂੰ ਉਸ ਦੇ ਘਰ ਦੇ ਬਾਹਰ ਇਕ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ। ਉਸ ਨੂੰ ਬਾਅਦ ਵਿਚ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਸਥਿਰ ਹੈ।