ਅੱਜ ਰਾਜਸਥਾਨ ‘ਚ ਇਕ ਹੀ ਨਾਅਰਾ ‘ਜਿੱਤੇਗਾ ਕਮਲ, ਖਿੜੇਗਾ ਕਮਲ’ : PM ਮੋਦੀ

ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ਦਾ ਭਰੋਸਾ ਜਤਾਇਆ। ਉਨ੍ਹਾਂ ਕਿਹਾ ਕਿ ਅੱਜ ਰਾਜਸਥਾਨ ‘ਚ ਇਕ ਹੀ ਗੂੰਜ ਹੈ, ਇਕ ਹੀ ਨਾਅਰਾ ਹੈ… ਜਿੱਤੇਗਾ ਕਮਲ, ਖਿੜੇਗਾ ਕਮਲ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸੂਬੇ ਦੀ ਸਿਆਸਤ ‘ਚ ਹਾਲ ਹੀ ‘ਚ ਹਲ-ਚਲ ਮਚਾ ਦੇਣ ਵਾਲੀ ‘ਲਾਲ ਡਾਇਰੀ’ ਨੂੰ ਲੈ ਕੇ ਵੀ ਤਿੱਖਾ ਸ਼ਬਦੀ ਵਾਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਡੇ-ਵੱਡੇ ਨੇਤਾਵਾਂ ਦੀ ਇਸ ਲਾਲ ਡਾਇਰੀ ਦਾ ਨਾਂ ਸੁਣਦੇ ਹੀ ਬੋਲਤੀ ਬੰਦ ਹੋ ਰਹੀ ਹੈ। ਪ੍ਰਧਾਨ ਮੰਤਰੀ ਸੀਕਰ ‘ਚ ਇਕ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਜਨ ਸੈਲਾਬ ਦੱਸ ਰਿਹਾ ਹੈ ਕਿ ਆਉਣ ਵਾਲੀਆਂ ਚੋਣਾਂ ‘ਚ ਊਂਠ ਕਿਸ ਕਰਵਟ ਬੈਠੇਗਾ। ਹੁਣ ਰਾਜਸਥਾਨ ਦੀ ਕਰਵਟ ਵੀ ਬਦਲੇਗੀ ਅਤੇ ਰਾਜਸਥਾਨ ਦੀ ਕਿਸਮਤ ਵੀ ਬਦਲੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਰਾਜਸਥਾਨ ‘ਚ ਸਰਕਾਰ ਚਲਾਉਣ ਦੇ ਨਾਂ ‘ਤੇ ਸਿਰਫ ਲੁੱਟ ਦੀ ਦੁਕਾਨ ਚਲਾਈ ਹੈ ਅਤੇ ਝੂਠ ਦਾ ਬਾਜ਼ਾਰ ਚਲਾਇਆ ਹੈ। ਝੂਠ ਦੀ ਦੁਕਾਨ ਦਾ ਸਭ ਤੋਂ ਤਾਜ਼ਾ ਪ੍ਰਾਜੈਕਟ ਹੈ, ਰਾਜਸਥਾਨ ਦੀ ਲਾਲ ਡਾਇਰੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕਹਿੰਦੇ ਹਨ ਕਿ ਲਾਲ ਡਾਇਰੀ ‘ਚ ਕਾਂਗਰਸ ਦੇ ਕਾਲੇ ਕਾਰਨਾਮੇ ਦਰਜ ਹਨ। ਲੋਕ ਕਹਿ ਰਹੇ ਹਨ ਕਿ ਲਾਲ ਡਾਇਰੀ ਦੇ ਪੰਨੇ ਖੁੱਲ੍ਹੇ ਤਾਂ ਚੰਗੇ-ਚੰਗੇ ਨਿਪਟ ਜਾਣਗੇ। ਇਹ ਲਾਲ ਡਾਇਰੀ ਇਸ ਚੋਣਾਂ ਵਿਚ ਕਾਂਗਰਸ ਦਾ ਡੱਬਾ ਗੋਲ ਕਰਨ ਜਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜਸਥਾਨ ‘ਚ ਚੰਗੀਆਂ ਸੜਕਾਂ ਲਈ, ਚੰਗੇ ਹਾਈਵੇਅ ਲਈ, ਸੂਬੇ ਦੇ ਵਿਕਾਸ ਲਈ ਭਾਜਪਾ ਸਰਕਾਰ ਲਗਾਤਾਰ ਪੈਸੇ ਭੇਜ ਰਹੀ ਹੈ। ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ, ਉਦੋਂ 10 ਸਾਲਾਂ ਵਿਚ ਰਾਜਸਥਾਨ ‘ਚ ਟੈਕਸ ਦੀ ਹਿੱਸੇਦਾਰੀ ਦੇ ਰੂਪ ‘ਚ 1 ਲੱਖ ਕਰੋੜ ਰੁਪਏ ਹੀ ਦਿੱਤੇ ਗਏ ਸਨ। ਬੀਤੇ 9 ਸਾਲਾਂ ਵਿਚ ਭਾਜਪਾ ਸਰਕਾਰ ਨੇ ਟੈਕਸ ਦੀ ਹਿੱਸੇਦਾਰੀ ਦੇ ਰੂਪ ‘ਚ 4 ਲੱਖ ਕਰੋੜ ਰੁਪਏ ਤੋਂ ਵੱਧ ਪਹੁੰਚਾਏ ਹਨ।