NIA ਵੱਲੋਂ ਅੱਤਵਾਦੀ-ਗੈਂਗਸਟਰ-ਸਮੱਗਲਰ ਗਠਜੋੜ ਖ਼ਿਲਾਫ਼ ਸਖ਼ਤ ਕਾਰਵਾਈ, ਕੁਰਕ ਕੀਤੀਆਂ ਜਾਇਦਾਦਾਂ

ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਹਰਿਆਣਾ ਅਤੇ ਦਿੱਲੀ ਵਿਚ ਸੰਗਠਿਤ ਅਪਰਾਧ ਸਿੰਡੀਕੇਟ ਦੇ ਸ਼ੱਕੀ ਮੈਂਬਰਾਂ ਦੀਆਂ 3 ਜਾਇਦਾਦਾਂ ਕੁਰਕ ਕੀਤੀਆਂ ਹਨ। ਐੱਨ.ਆਈ.ਏ. ਇਨਫੋਰਸਮੈਂਟ ਡਾਇਰੈਕਟੋਰੇਟ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰਾਂ ਦੇ ਨੈੱਟਵਰਕ ਦੇ ਖਿਲਾਫ ਇਕ ਵੱਡੀ ਕਾਰਵਾਈ ਦੇ ਹਿੱਸੇ ਵਜੋਂ ਕਈ ਰਾਜਾਂ ਵਿਚ 129 ਟਿਕਾਣਿਆਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਜਾਇਦਾਦਾਂ ਨੂੰ ਕੁਰਕ ਕੀਤਾ ਗਿਆ ਸੀ। ਇਸ ਨੈੱਟਵਰਕ ਦੇ ‘ਐਲਾਨੇ ਅੱਤਵਾਦੀ’ ਅਰਸ਼ ਡੱਲਾ ਅਤੇ ਹੋਰ ਵਿਦੇਸ਼ੀ ਅੱਤਵਾਦੀਆਂ ਨਾਲ ਸਬੰਧ ਹਨ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ/ਐੱਨ.ਸੀ.ਆਰ. 17 ਮਈ ਨੂੰ ਗੈਂਗਸਟਰ ਅਤੇ ਉਸ ਦੇ ਸਾਥੀਆਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ।
ਬੁਲਾਰੇ ਨੇ ਦੱਸਿਆ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿਚ ਦਿੱਲੀ ਵਿਚ ਇਰਫਾਨ ਉਰਫ਼ ਛੀਨੂ ਪਹਿਲਵਾਨ ਦਾ ਇਕ ਘਰ ਅਤੇ ਹਰਿਆਣਾ ਦੇ ਗੁੜਗਾਓਂ ਜ਼ਿਲੇ ਵਿਚ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੇ ਦੋ ਘਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉਸ ਨੇ ਚੌਧਰੀ, ਭੂਪੀ ਰਾਣਾ ਅਤੇ ਗਿਰੋਹ ਦੇ ਹੋਰ ਮੁੱਖ ਮੈਂਬਰਾਂ ਦੇ ਨਿਰਦੇਸ਼ਾਂ ’ਤੇ ਭਗੌੜੇ ਗੈਂਗ ਦੇ ਸਾਥੀਆਂ ਨੂੰ ਅੱਤਵਾਦੀ/ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਜ਼ਮੀਨੀ ਪੱਧਰ ਦੇ ਕਾਰਕੁਨਾਂ ਤੱਕ ਪਹੁੰਚਣ ਲਈ ਸੁਰੱਖਿਅਤ ਪਨਾਹਗਾਹ ਪ੍ਰਦਾਨ ਕੀਤੀ ਸੀ। ਉਨ੍ਹਾਂ ਦੱਸਿਆ ਕਿ ਚੌਧਰੀ ਅਤੇ ਡਾਗਰ ਮੁੱਖ ਸਾਜ਼ਿਸ਼ਕਰਤਾ ਡੱਲਾ ਅਤੇ ਗੌਰਵ ਪਟਿਆਲ ਉਰਫ਼ ਸੌਰਵ ਠਾਕੁਰ ਉਰਫ਼ ਲੱਕੀ ਜੋ ਕਿ ਵਿਦੇਸ਼ ’ਚ ਰਹਿੰਦੇ ਸਨ, ਨਾਲ ਨਜ਼ਦੀਕੀ ਸਬੰਧ ਸਨ। ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਗਿਰੋਹ ਮਹਾਰਾਸ਼ਟਰ ਵਿਚ ਬਿਲਡਰ ਸੰਜੇ ਬਿਆਨੀ ਅਤੇ ਪੰਜਾਬ ਵਿਚ ਅੰਤਰਰਾਸ਼ਟਰੀ ਕਬੱਡੀ ਪ੍ਰਬੰਧਕ ਸੰਦੀਪ ਨੰਗਲ ਅੰਬੀਆ ਦੇ ਕਤਲ ਵਿਚ ਵੀ ਸ਼ਾਮਲ ਸੀ।