ਮਨਪ੍ਰੀਤ ਬਾਦਲ ਹੋਏ ਜਜ਼ਬਾਤੀ, ਕਿਹਾ ਮੈਨੂੰ ‘ਚੌਰਾਹੇ ’ਚ ਗੋਲ਼ੀ ਮਾਰ ਦਿਓ’

ਲੁਧਿਆਣਾ : ਪੰਜਾਬ ਦੇ 9 ਸਾਲ ਖ਼ਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਜੋ ਅੱਜ ਭਾਜਪਾ ਦੀ ਛਤਰੀ ’ਤੇ ਹਨ, ਉਨ੍ਹਾਂ ਨੂੰ ਭਾਜਪਾ ਦੇ ਆਗੂ ਸਾਬਕਾ ਵਿਧਾਇਕ ਵਲੋਂ ਲਗਾਏ ਕਥਿਤ ਦੋਸ਼ਾਂ ਤੇ ਹੋਰ ਮਾਮਲਿਆਂ ਦੀ ਸ਼ਿਕਾਇਤ ’ਤੇ ਵਿਜੀਲੈਂਸ ਵਿਭਾਗ ਨੇ ਬਠਿੰਡੇ ਤਲਬ ਕੀਤਾ ਹੈ। ਜਿੱਥੇ ਮਨਪ੍ਰੀਤ ਬਾਦਲ ਨੇ ਮੀਡੀਆ ’ਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਿਆ।
ਇਸ ਮੌਕੇ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਜਜ਼ਬਾਤੀ ਹੋ ਗਏ। ਉਨ੍ਹਾਂ ਕਿਹਾ ਕਿ ਮੈਂ 9 ਸਾਲ ਮੰਤਰੀ ਰਿਹਾ ਹਾਂ ਕਦੇ ਸਰਕਾਰੀ ਗੱਡੀ ਨਹੀਂ ਵਰਤੀ, ਨਾ ਪੈਟਰੋਲ, ਨਾ ਡੀਜ਼ਲ, ਨਾ ਹੋਟਲ ਦਾ ਕਿਰਾਇਆ, ਨਾ ਹਵਾਈ ਜਹਾਜ਼ ਦੀ ਟਿਕਟ, ਨਾ ਰੇਲਵੇ ਦੀ ਟਿਕਟ, ਨਾ ਮੈਡੀਕਲ ਸਹੂਲਤਾਂ ਵਰਤੀਆਂ, ਗੱਲ ਕੀ ਮੈਂ ਚਾਹ ਦੇ ਕੱਪ ਦਾ ਵੀ ਰਵਾਦਾਰ ਨਹੀਂ ਹਾਂ। ਮੇਰੀਆਂ 3 ਮੋਟਰਾਂ ਹਨ, ਉਨ੍ਹਾਂ ਦਾ ਬਿੱਲ ਮੈਂ ਭਰਦਾ ਹਾਂ, ਜਦੋਂਕਿ ਹੋਰਨਾਂ ਕਿਸਾਨਾਂ ਦੀ ਬਿਜਲੀ ਮੁਆਫ਼ ਹੈ ਪਰ ਮੈਂ ਇਹ ਵੀ ਸਹੂਲਤ ਨਹੀਂ ਲਈ ਪਰ ਭਗਵੰਤ ਸਿੰਘ ਮਾਨ ਸਰਕਾਰ ਮੈਨੂੰ ਕਥਿਤ ਤੌਰ ’ਤੇ ਦੋਸ਼ੀ ਬਣਾ ਕੇ ਆਪਣੇ ਮਨ ਦੀ ਰੀਝ ਪੂਰੀ ਕਰ ਲਵੇ, ਕੋਈ ਕਸਰ ਬਾਕੀ ਨਾ ਰਹਿ ਜਾਵੇ। ਉਹ ਮੈਨੂੰ ਬਰਬਾਦ ਜਾਂ ਬਦਨਾਮ ਕਰਨ ਦੀ ਪੂਰੀ ਵਾਹ ਲਾ ਲਵੇ।
ਮੈਂ ਵਿਜੀਲੈਂਸ ਜਾਂ ਕਿਸੇ ਹੋਰ ਜਾਂਚ ਤੋਂ ਨਹੀਂ ਡਰਦਾ, ਮੈਂ ਅੱਜ ਕਹਿਣਾ ਹਾਂ ਜੇ ਮੈਂ ਕੋਈ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਮੈਥੋਂ ਵਿਜੀਲੈਂਸ ਜਾਂ ਕੋਈ ਹੋਰ ਏਜੰਸੀ ਸਿਰਫ਼ ਪੁੱਛਗਿੱਛ ਨਾ ਕਰੇ, ਸਗੋਂ ਮੈਨੂੰ ਚੌਰਾਹੇ ’ਚ ਲਿਜਾ ਕੇ ਗੋਲ਼ੀ ਮਾਰ ਦਿੱਤੀ ਜਾਵੇ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਹੈ। ਸਿਆਸੀ ਨੇਤਾਵਾਂ ’ਚ ਖੂਬ ਚਰਚਾ ਸੀ ਕਿ ਜੋ ਮਨਪ੍ਰੀਤ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਨੂੰ ਸਿਆਸੀ ਲਲਕਾਰਾ ਮਾਰਿਆ ਹੈ, ਉਸ ਵਿਚ ਕੁਝ ਤਾਂ ਦਮ ਹੋਵੇਗਾ।