ਮਣੀਪੁਰ ਹਿੰਸਾ : ਸੀ-ਵੋਟਰ ਦਾ ਸਰਵੇ, ਜ਼ਿਆਦਾਤਰ ਲੋਕ ਚਾਹੁੰਦੇ ਹਨ PM ਮੋਦੀ ਦੇਣ ਦਖ਼ਲ

ਨਵੀਂ ਦਿੱਲੀ – ਮਣੀਪੁਰ ’ਚ ਜਾਤੀ ਹਿੰਸਾ ਦੀਆਂ ਖਬਰਾਂ ਦਰਮਿਆਨ ਸੀ-ਵੋਟਰ ਦਾ ਇਕ ਵਿਸ਼ੇਸ਼ ਸਰਵੇ ਸਾਹਮਣੇ ਆਇਆ ਹੈ। ਇਸ ਤੋਂ ਮੁਤਾਬਕ 80 ਫੀਸਦੀ ਲੋਕ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ’ਚ ਦਖ਼ਲ ਦੇਣ ਅਤੇ 62 ਫੀਸਦੀ ਲੋਕ ਸੂਬੇ ’ਚ ਰਾਸ਼ਟਰਪਤੀ ਰਾਜ ਦੇ ਪੱਖ ’ਚ ਹਨ, ਜਦੋਂ ਕਿ 87 ਫੀਸਦੀ ਲੋਕ ਜਬਰ-ਜ਼ਨਾਹ ਦੇ ਮੁਲਜ਼ਮਾਂ ਲਈ ਮੌਤ ਦੀ ਸਜ਼ਾ ਚਾਹੁੰਦੇ ਹਨ। ਸਰਵੇ ’ਚ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਪ੍ਰਧਾਨ ਮੰਤਰੀ ਮੋਦੀ ਨੂੰ ਮਣੀਪੁਰ ’ਚ ਹਿੰਸਾ ਰੋਕਣ ਲਈ ਨਿੱਜੀ ਰੂਪ ’ਚ ਦਖ਼ਲ ਦੇਣਾ ਚਾਹੀਦਾ ਹੈ? ਕੀ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਾਉਣਾ ਚਾਹੀਦਾ ਹੈ?
ਸਰਵੇ ਮੁਤਾਬਕ, 4 ’ਚੋਂ 3 ਲੋਕ ਮਣੀਪੁਰ ’ਚ ਹੋ ਰਹੀ ਹਿੰਸਾ ਤੋਂ ਜਾਣੂ ਹਨ। ਅਹਿਮ ਗੱਲ ਇਹ ਹੈ ਕਿ ਸਰਵੇ ’ਚ ਹਿੱਸਾ ਲੈਣ ਵਾਲੇ ਲਗਭਗ 60 ਫੀਸਦੀ ਲੋਕਾਂ ਦੀ ਰਾਏ ਹੈ ਕਿ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਇਕ ਚੌਥਾਈ ਤੋਂ ਵੀ ਘੱਟ ਲੋਕ ਚਾਹੁੰਦੇ ਹਨ ਕਿ ਉਹ ਅਹੁਦੇ ’ਤੇ ਬਣੇ ਰਹਿਣ। 58 ਫੀਸਦੀ ਦਾ ਕਹਿਣਾ ਹੈ ਕਿ ਮਣੀਪੁਰ ’ਚ ‘ਡਬਲ ਇੰਜਣ’ ਫੇਲ ਹੋ ਗਿਆ ਹੈ, ਜਦੋਂ ਕਿ ਲਗਭਗ 30 ਫ਼ੀਸਦੀ ਨੇ ਅਸਹਿਮਤੀ ਪ੍ਰਗਟਾਈ। ਦੱਸਣਯੋਗ ਹੈ ਕਿ ਮਣੀਪੁਰ ਹਿੰਸਾ ’ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ 600 ਤੋਂ ਵੱਧ ਲੋਕ ਜ਼ਖ਼ਮੀ ਅਤੇ ਸੈਂਕੜੇ ਬੇਘਰ ਹੋ ਚੁੱਕੇ ਹਨ। ਹਾਲ ਹੀ ’ਚ 2 ਔਰਤਾਂ ਨੂੰ ਨਗਨ ਕਰ ਕੇ ਘੁਮਾਏ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਦੇਸ਼ ’ਚ ਗੁੱਸਾ ਹੈ। ਵਿਰੋਧੀ ਧਿਰ ਸੂਬੇ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫੇ ਦੇ ਨਾਲ ਹੀ ਇੱਥੇ ਰਾਸ਼ਟਰਪਤੀ ਰਾਜ ਲਾਏ ਜਾਣ ਦੀ ਮੰਗ ਕਰ ਰਿਹਾ ਹੈ।