ਖਾਕੀ ਹੋਈ ਸ਼ਰਮਸਾਰ; ਹੈੱਡ ਕਾਂਸਟੇਬਲ ਦੀ ਦਰਿੰਦਗੀ ਦੀ ਸ਼ਿਕਾਰ ਹੋਈ ਨਾਬਾਲਗ ਕੁੜੀ

ਕੁਰੂਕਸ਼ੇਤਰ- ਹਰਿਆਣਾ ਦੇ ਕੁਰੂਕਸ਼ੇਤਰ ਤੋਂ ਪੁਲਸ ਪ੍ਰਸ਼ਾਸਨ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬਾਬੈਨ ਥਾਣੇ ‘ਚ ਖਾਕੀ ਦਾ ਰੱਖਿਅਕ ਨੇ ਹੀ ਥਾਣਾ ਕੰਪਲੈਕਸ ‘ਚ ਬਣੇ ਮਹਿਲਾ ਮਿੱਤਰ ਕਮਰੇ ‘ਚ 16 ਸਾਲਾ ਨਾਬਾਲਗ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਮਾਮਲੇ ‘ਚ ਪੀੜਤਾ ਦੇ ਪਰਿਵਾਰ ਨੇ ਦੋਸ਼ੀ ਹੈੱਡ ਕਾਂਸਟੇਬਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਹਰਿਆਣਾ ਪੁਲਸ ਦੇ ਹੈੱਡ ਕਾਂਸਟੇਬਲ ਸ਼ਿਆਮ ਲਾਲ ਦੀ ਇਸ ਦਰਿੰਦਗੀ ਭਰੀ ਹਰਕਤ ਕਾਰਨ ਪੁਲਸ ਪ੍ਰਸ਼ਾਸਨ ਸ਼ੱਕ ਦੇ ਘੇਰੇ ‘ਚ ਹੈ। ਮਿਲੀ ਜਾਣਕਾਰੀ ਮੁਤਾਬਕ 16 ਸਾਲਾ ਕੁੜੀ ਕੁਝ ਦਿਨ ਪਹਿਲਾਂ ਘਰੋਂ ਚਲੀ ਗਈ ਸੀ। ਜਿਸ ਤੋਂ ਬਾਅਦ ਉਹ ਖੁਦ ਘਰ ਪਰਤ ਆਈ। ਮਾਮਲਾ ਖਤਮ ਕਰਨ ਦੇ ਬਦਲੇ ਹੈੱਡ ਕਾਂਸਟੇਬਲ ਸ਼ਿਆਮ ਲਾਲ ਨੇ ਥਾਣੇ ‘ਚ ਹੀ ਕੁੜੀ ਨਾਲ ਬਲਾਤਕਾਰ ਕੀਤਾ।
ਜਦੋਂ ਕੁੜੀ ਥਾਣੇ ਤੋਂ ਬਾਹਰ ਆਈ ਤਾਂ ਉਸ ਨੇ ਸਾਰੀ ਘਟਨਾ ਆਪਣੇ ਰਿਸ਼ਤੇਦਾਰਾਂ ਨੂੰ ਦੱਸੀ ਅਤੇ ਰਿਸ਼ਤੇਦਾਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਦੋਸ਼ੀ ਹੈੱਡ ਕਾਂਸਟੇਬਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਡੀ. ਐੱਸ. ਪੀ ਰਣਧੀਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਇਸ ਘਟਨਾ ਨੂੰ ਘਿਨਾਉਣੀ ਕਾਰਵਾਈ ਕਰਾਰ ਦਿੱਤਾ ਹੈ।