ਆਸਾਮ ‘ਚ 45 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ, ਤਿੰਨ ਗ੍ਰਿਫ਼ਤਾਰ

ਗੁਹਾਟੀ – ਆਸਾਮ ਦੇ ਕਛਾਰ ਜ਼ਿਲ੍ਹੇ ‘ਚ 45 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਅਤੇ ਇਕ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਇਕ ‘ਤੇ ਹਿਰਾਸਤ ‘ਚੋਂ ਦੌੜਨ ਦੀ ਕੋਸ਼ਿਸ਼ ਦੌਰਾਨ ਪੁਲਸ ਗੋਲੀਬਾਰੀ ‘ਚ ਜ਼ਖ਼ਮੀ ਹੋ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਾਮ ਪੁਲਸ ਦੇ ਵਿਸ਼ੇਸ਼ ਕਾਰਜ ਫ਼ੋਰਸ (ਐੱਸ.ਟੀ.ਐੱਫ.) ਦੇ ਡਿਪਟੀ ਇੰਸਪੈਕਟਰ ਜਨਰਲ ਪਾਰਥ ਸਾਰਥੀ ਮਹੰਤ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਮਿਜ਼ੋਰਮ ਤੋਂ ਖੇਪ ਦੀ ਆਵਾਜਾਈ ਬਾਰੇ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ। ਮਹੰਤ ਨੇ ਕਿਹਾ,”ਅਸੀਂ ਆਈ.ਐੱਸ.ਬੀ.ਟੀ. ਸਿਲਚਰ ਕੋਲ ਇਕ ਰਾਜਮਾਰਗ ‘ਤੇ ਜਾਂਚ ਚੌਕੀ ਬਣਾਈ ਸੀ, ਜਿੱਥੇ ਵਾਹਨਾਂ ਦੀ ਜਾਂਚ ਦੌਰਾਨ ਇਕ ਕਾਰ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲੈਣ ‘ਤੇ 2.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਹੈਰੋਇਨ ਨੂੰ ਬੋਨਟ ਦੇ ਹੇਠਾਂ ਲੁਕਾਇਆ ਗਿਆ ਸੀ ਜਦੋਂ ਕਿ ਕਾਰ ਦੀ ਡਿੱਗੀ ਤੋਂ ਇਕ ਲੱਖ ਯਾਬਾ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ। ਕਾਰ ਸਵਾਰ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਵਾਹਨ ਜ਼ਬਤ ਕਰ ਲਿਆ ਗਿਆ। ਕਾਰਵਾਈ ਦੀ ਅਗਵਾਈ ਕਰ ਰਹੇ ਡੀ.ਆਈ.ਜੀ. ਨੇ ਦੱਸਿਆ ਕਿ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ‘ਚ ਕਰੀਬ 45 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪੁੱਛ-ਗਿੱਛ ਦੌਰਾਨ ਇਕ ਦੋਸ਼ੀ ਪੁਲਸ ਨੂੰ ਖੇਪ ਦੇ ਸਹੀ ਜਗ੍ਹਾ ਤੱਕ ਲਿਜਾਉਣ ਲਈ ਸਹਿਮਤ ਹੋ ਗਿਆ। ਰਸਤੇ ‘ਚ ਉਸ ਨੇ ਪਿਸ਼ਾਬ ਕਰਨ ਦੀ ਮਨਜ਼ੂਰੀ ਮੰਗੀ ਪਰ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਸ ਨੂੰ ਰੋਕਣ ਲਈ 2 ਰਾਊਂਡ ਫਾਇਰਿੰਗ ਕੀਤੀ ਅਤੇ ਇਕ ਗੋਲੀ ਉਸ ਦੇ ਸੱਜੇ ਪੈਰ ‘ਚ ਲੱਗ ਗਈ। ਉਸ ਨੂੰ ਸਿਲਚਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।