ਹੈਰੋਇਨ ਸਮੇਤ ਫੜਿਆ ਤੇਜਬੀਰ ਸਿੰਘ 2 ਦਿਨਾਂ ਰਿਮਾਂਡ ‘ਤੇ, ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਈ ਇਹ ਗੱਲ

ਅੰਮ੍ਰਿਤਸਰ – ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਕ ਅਕਾਲੀ ਨੇਤਾ ਤੇਜਬੀਰ ਸਿੰਘ ਨੂੰ ਬੀਤੇ ਦਿਨ 110 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਮੁਲਜ਼ਮ ਤੇਜਬੀਰ ਸਿੰਘ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐੱਸ. ਓ. ਆਈ.) ਦਾ ਜ਼ਿਲ੍ਹਾ ਪ੍ਰਧਾਨ ਹੈ। ਪੁਲਸ ਨੇ ਇਹ ਗ੍ਰਿਫ਼ਤਾਰੀ ਬੀਤੇ ਦਿਨੀਂ ਹੈਰੋਇਨ ਨਾਲ ਫੜੇ ਗਏ ਮੁਲਜ਼ਮ ਵੱਲੋਂ ਸੂਚਨਾ ਦੇਣ ’ਤੇ ਕੀਤੀ ਹੈ।
ਬੀਤੀ 20 ਜੁਲਾਈ ਨੂੰ ਕਾਊਂਟਰ ਇੰਟੈਲੀਜੈਂਸ ਪੁਲਸ ਨੇ ਰਣਜੀਤ ਐਵੇਨਿਊ ਕੋਲ ਸਥਿਤ ਹਾਊਸਿੰਗ ਬੋਰਡ ਕਾਲੋਨੀ ਤੋਂ ਗੁਰਜੀਤ ਸਿੰਘ ਨੂੰ 100 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਕੋਲੋਂ ਇਕ ਕਾਰ ਅਤੇ 3 ਲੱਖ ਰੁਪਏ ਵੀ ਬਰਾਮਦ ਹੋਏ ਸਨ। ਟੀਮ ਨੇ ਜਦੋਂ ਮੁਲਜ਼ਮ ਗੁਰਜੀਤ ਸਿੰਘ ਕੋਲੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਸਨੇ ਹੀ ਆਪਣੇ ਸਾਥੀ ਅਕਾਲੀ ਨੇਤਾ ਤੇਜਬੀਰ ਸਿੰਘ ਦਾ ਨਾਂ ਲਿਆ ਅਤੇ ਪੁਲਸ ਨੇ ਮੁਲਜ਼ਮ ਨੂੰ ਦਬੋਚ ਲਿਆ।
ਪੁਲਸ ਨੇ ਮੁਲਜ਼ਮ ਤੇਜਬੀਰ ਸਿੰਘ ਨੂੰ ਕੋਰਟ ’ਚ ਪੇਸ਼ ਕੀਤਾ, ਜਿਸ ’ਤੇ ਅਦਾਲਤ ਨੇ ਉਸ ਨੂੰ 2 ਦਿਨ ਦੇ ਰਿਮਾਂਡ ’ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਸੌਂਪ ਦਿੱਤਾ। ਹੁਣ ਰਿਮਾਂਡ ਦੌਰਾਨ ਮੁਲਜ਼ਮ ਤੇਜਬੀਰ ਸਿੰਘ ਕੋਲੋਂ ਪੁਲਸ ਅਧਿਕਾਰੀ ਪੁੱਛਗਿੱਛ ਕਰਨਗੇ। ਦੱਸ ਦੇਈਏ ਕਿ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮਾਂ ਦੇ ਸੰਪਰਕ ਵਿਦੇਸ਼ ’ਚ ਬੈਠੇ ਇਕ ਗੈਂਗਸਟਰ ਨਾਲ ਵੀ ਸਾਹਮਣੇ ਆ ਰਹੇ ਹਨ। ਫ਼ਿਲਹਾਲ ਪੁਲਸ ਇਸ ਐਂਗਲ ਦੀ ਵੀ ਜਾਂਚ ਕਰ ਰਹੀ ਹੈ।