ਸੰਤ ਸੀਚੇਵਾਲ ਰਾਜ ਸਭਾ ‘ਚ ਚੁੱਕਣਗੇ ਪੰਜਾਬ ਵਿੱਚ ਆਏ ਹੜ੍ਹਾਂ ਦਾ ਮਾਮਲਾ

ਜਲੰਧਰ : ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਦਾ ਮੁੱਦਾ ਚੁੱਕਣਗੇ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਰਾਜ ਸਭਾ ਦੇ ਮਾਨਸੂਨ ਸੈਸ਼ਨ ‘ਚ ਸ਼ਾਮਲ ਹੋਣ ਲਈ ਸੰਤ ਸੀਚੇਵਾਲ ਸੰਸਦ ਭਵਨ ਪਹੁੰਚ ਚੁੱਕੇ ਹਨ। ਉਧਰ ਪੰਜਾਬ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੁਹੰਮਦ ਸਦੀਕ, ਡਾ. ਅਮਰ ਸਿੰਘ ਤੇ ਮਨੀਸ਼ ਤਿਵਾੜੀ ਨੇ ਵੀ ਸੰਸਦ ਕੰਪਲੈਕਸ ‘ਚ ਪੰਜਾਬ ‘ਚ ਆਏ ਹੜ੍ਹਾਂ ਨੂੰ ਲੈ ਕੇ ਆਵਾਜ਼ ਚੁੱਕੀ ਤੇ 20 ਹਜ਼ਾਰ ਕਰੋੜ ਰੁਪਏ ਕੇਂਦਰੀ ਰਿਲੀਫ਼ ਫੰਡ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਆਏ ਹੜ੍ਹਾਂ ਕਾਰਨ ਹਾਲਾਤ ਬਦਤਰ ਹੋਏ ਪਏ ਹਨ। ਬੇਸ਼ੱਕ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਦਾਅਵਾ ਕਰ ਰਿਹਾ ਹੈ ਪਰ ਆਏ ਦਿਨ ਪਏ ਰਹੇ ਮੀਂਹ ਕਾਰਨ ਕਈ ਹਲਕਿਆਂ ਵਿੱਚ ਹੜ੍ਹਾਂ ਨੇ ਭਾਰੀ ਮਾਲੀ ਨੁਕਸਾਨ ਕੀਤਾ ਹੈ ਤੇ ਕਈ ਜਗ੍ਹਾਵਾਂ ‘ਤੇ ਜਾਨੀ ਨੁਕਸਾਨ ਵੀ ਹੋਇਆ ਹੈ। ਦੋਆਬਾ ਅਤੇ ਮਾਲਵੇ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਲੋਹੀਆਂ – ਗਿੱਦੜਪਿੰਡੀ ਹਲਕੇ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਸੀ ਜਿਸ ਕਾਰਨ ਭਾਰੀ ਨੁਕਸਾਨ ਹੋਇਆ । ਉਧਰ ਪਟਿਆਲਾ ਸ਼ਹਿਰੀ ਹਲਕੇ ਵਿੱਚ ਵੀ ਵੱਡੀ ਨਦੀ ਦੇ ਪਾਣੀ ਨੇ ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।