ਕੋਲੰਬੀਆ ‘ਚ ਵਾਪਰਿਆ ਬੱਸ ਹਾਦਸਾ, 10 ਲੋਕਾਂ ਦੀ ਦਰਦਨਾਕ ਮੌਤ

ਬੋਗੋਟਾ : ਉੱਤਰ-ਪੂਰਬੀ ਕੋਲੰਬੀਆ ਦੇ ਸੈਂਟੇਂਡਰ ਵਿਭਾਗ ਵਿਚ ਪੇਲੋਨ ਦੀ ਨਗਰਪਾਲਿਕਾ ਵਿਚ ਇਕ ਬੱਸ ਹਾਦਸੇ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 30 ਜ਼ਖਮੀ ਹੋ ਗਏ। ਖੇਤਰੀ ਆਪਦਾ ਜੋਖਮ ਪ੍ਰਬੰਧਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਸ਼ਨੀਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ”ਪਲੇਓਨ ਦੀ ਨਗਰਪਾਲਿਕਾ ਦੇ ਰਾਸ਼ਟਰੀ ਰਾਜਮਾਰਗ ‘ਤੇ ਲਿਮਟ ਸੈਕਟਰ ‘ਚ ਬ੍ਰਾਸੀਲੀਆ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ।”
ਹਾਦਸੇ ‘ਚ ਜ਼ਖਮੀ ਹੋਏ ਤੀਹ ਲੋਕਾਂ ਨੂੰ ਸਥਾਨਕ ਹਸਪਤਾਲਾਂ ‘ਚ ਲਿਜਾਇਆ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੈਰਾਕੋਲ ਰੇਡੀਓ ਨੇ ਸ਼ਨੀਵਾਰ ਨੂੰ ਦੱਸਿਆ ਕਿ ਬੱਸ ਦੱਖਣੀ ਅਮਰੀਕੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਸੀ ਜੋ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਵਿਚ ਦੇਸ਼ ਦੇ ਉੱਤਰ ਵੱਲ ਜਾ ਰਹੇ ਸਨ।