ਬਿਨਾਂ ਇਜਾਜ਼ਤ ਤਿਹਾੜ ਤੋਂ ਸੁਪਰੀਮ ਕੋਰਟ ਪਹੁੰਚਿਆ ਯਾਸੀਨ ਮਲਿਕ, ਫੈਲੀ ਸਨਸਨੀ

ਨਵੀਂ ਦਿੱਲੀ- ਅੱਤਵਾਤੀ ਫੰਡਿੰਗ ਮਾਮਲੇ ਵਿਚ ਤਿਹਾੜ ਜੇਲ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੇ ਸ਼ੁੱਕਰਵਾਰ ਨੂੰ ਭੀੜ-ਭੱੜਕੇ ਵਾਲੇ ਅਦਾਲਤ ਦੇ ਕਮਰੇ ਵਿਚ ਪਹੁੰਚ ਕੇ ਸੁਪਰੀਮ ਕੋਰਟ ਵਿਚ ਇਕ ਤਰ੍ਹਾਂ ਨਾਲ ਸਨਸਨੀ ਫੈਲਾ ਦਿੱਤੀ। ਮਲਿਕ ਨੂੰ ਅਦਾਲਤ ਦੀ ਇਜਾਜ਼ਤ ਦੇ ਬਿਨਾਂ ਜੇਲ ਦੇ ਵਾਹਨ ਵਿਚ ਸੁਪਰੀਮ ਕੋਰਟ ਕੰਪਲੈਕਸ ਵਿਚ ਲਿਆਂਦਾ ਗਿਆ ਸੀ ਅਤੇ ਇਸ ਵਾਹਨ ਨੂੰ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਨੇ ਸੁਰੱਖਿਆ ਦਿੱਤੀ ਹੋਈ ਸੀ। ਮਲਿਕ ਦੇ ਅਦਾਲਤ ਵਿਚ ਕਦਮ ਰੱਖਦੇ ਹੀ ਉਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।
ਮਲਿਕ ਨੇ 26 ਮਈ ਨੂੰ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਪੱਤਰ ਲਿਖਿਆ ਸੀ ਅਤੇ ਆਪਣੇ ਮਾਮਲੇ ਦੀ ਪੈਰਵੀ ਲਈ ਨਿੱਜੀ ਤੌਰ ’ਤੇ ਮੌਜੂਦ ਰਹਿਣ ਦੀ ਮਨਜ਼ੂਰੀ ਦੀ ਅਪੀਲ ਕੀਤੀ ਸੀ। ਮਾਮਲੇ ਵਿਚ ਇਕ ਸਹਾਇਕ ਰਜਿਟਰਾਰ ਨੇ 18 ਜੁਲਾਈ ਨੂੰ ਮਲਿਕ ਦੀ ਅਪੀਲ ’ਤੇ ਗੌਰ ਕੀਤਾ ਅਤੇ ਕਿਹਾ ਕਿ ਸੁਪਰੀਮ ਕੋਰਟ ਜ਼ਰੂਰੀ ਹੁਕਮ ਪਾਸ ਕਰੇਗੀ। ਤਿਹਾੜ ਜੇਲ ਦੇ ਅਧਿਕਾਰੀਆਂ ਨੇ ਪ੍ਰਤੱਖ ਰੂਪ ਨਾਲ ਇਸਨੂੰ ਗਲਤ ਸਮਝਿਆ ਕਿ ਮਲਿਕ ਨੂੰ ਆਪਣੇ ਮਾਮਲੇ ਦੀ ਪੈਰਵੀ ਲਈ ਸੁਪਰੀਮ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ। ਮਲਿਕ ਨੂੰ ਹੁਕਮ ਦੀ ਗਲਤ ਵਿਆਖਿਆ ਕਾਰਨ ਅਦਾਲਤ ਵਿਚ ਲਿਆਂਦਾ ਗਿਆ।