ਪਾਣੀ ਦਾ ਪੱਧਰ ਵਧਣ ਕਾਰਣ ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ, ਇਹ ਇਲਾਕੇ ਖਾਲ੍ਹੀ ਕਰਵਾਉਣ ਦੇ ਹੁਕਮ

ਚੰਡੀਗੜ੍ਹ : ਭਾਖੜਾ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹਾ ਹੁਕਮ ਉਪ ਮੰਡਲ ਮੈਜਿਸਟ੍ਰੇਟ ਨੰਗਲ ਵਲੋਂ ਜਾਰੀ ਹੋਏ ਪੱਤਰ ਵਿਚ ਦਿੱਤਾ ਗਿਆ ਹੈ। ਇਹ ਪੱਤਰ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਿਹਾ ਹੈ। ਦਰਅਸਲ ਹਿਮਾਚਲ ਅਤੇ ਪੰਜਾਬ ਵਿਚ ਸ਼ੁੱਕਰਵਾਰ ਰਾਤ ਤੋਂ ਮੀਂਹ ਪੈ ਰਿਹਾ ਹੈ। ਲਗਾਤਾਰ ਮੀਂਹ ਪੈਣ ਕਾਰਨ ਭਾਖੜਾ ’ਚ ਪਾਣੀ ਦਾ ਪੱਧਰ ਵੱਧ ਕੇ 1650.87 ਫੁੱਟ ਹੋ ਗਿਆ ਹੈ। ਪਿਛਲੇ ਸਾਲ 31 ਜੁਲਾਈ ਨੂੰ ਭਾਖੜਾ ਵਿਚ ਪਾਣੀ ਦਾ ਪੱਧਰ 1587 ਫੁੱਟ ’ਤੇ ਸੀ ਜੋ ਕਿ ਹੁਣ 1650.87 ਫੁੱਟ ’ਤੇ ਪਹੁੰਚ ਗਿਆ ਹੈ ਜੋ ਕਿ 64 ਫੁੱਟ ਵੱਧ ਹੈ। ਫਿਲਹਾਲ ਡੈਮ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 29 ਫੁੱਟ ਹੇਠਾਂ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪਹਿਲਾਂ ਹੀ ਹੜ੍ਹ ਕਾਰਣ ਭਿਆਨਕ ਹਾਲਾਤ ਬਣੇ ਹੋਏ ਹਨ ਅਤੇ ਨੰਗਲ ਡੈਮ ’ਚੋਂ ਨਿਕਲਣ ਵਾਲੀਆਂ ਸਾਰੀਆਂ ਨਹਿਰਾਂ ਪਹਿਲਾਂ ਹੀ ਪੂਰੀ ਸਮਰੱਥਾ ਵਿਚ ਵਹਿ ਰਹੀਆਂ ਹਨ। ਐੱਸ. ਡੀ. ਐੱਮ. ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ, ਜਿਸ ਕਾਰਨ ਸੂਬੇ ਵਿਚ ਮੁੜ ਹੜ੍ਹ ਆ ਸਕਦੇ ਹਨ। ਮੌਸਮ ਵਿਭਾਗ ਦੇ ਅਲਰਟ ਕਾਰਨ ਸਬੰਧਤ ਜ਼ਿਲ੍ਹਿਆਂ ਦੀਆਂ ਟੀਮਾਂ ਰਾਵੀ, ਬਿਆਸ, ਸਤਲੁਜ ਅਤੇ ਘੱਗਰ ਦੇ ਆਸ-ਪਾਸ ਦੇ ਇਲਾਕਿਆਂ ਦੀ ਨਿਗਰਾਨੀ ਕਰ ਰਹੀਆਂ ਹਨ।
ਇਸ ਬਾਰੇ ਐੱਸ. ਡੀ. ਐੱਮ. ਨੇ ਬੀ. ਡੀ. ਪੀ. ਓ. ਨੂੰ ਪੱਤਰ ਲਿਖਿਆ ਹੈ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਖਾਲ੍ਹੀ ਕਰਵਾਏ ਜਾਣ ਤਾਂ ਜੋ ਲੋਕ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ। ਪੱਤਰ ਵਿਚ ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਕਿਹਾ ਗਿਆ ਹੈ ਕਿ ਕਿਸੇ ਵੀ ਸਮੇਂ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ। ਲਿਹਾਜ਼ਾ ਦਰਿਆ ਦੇ ਕਿਨਾਰੇ ਵਸੇ ਲੋਕਾਂ ਨੂੰ ਤੁਰੰਤ ਪ੍ਰਭਾਵਤ ਇਲਾਕੇ ਖਾਲ੍ਹੀ ਕਰਵਾਏ ਜਾਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ।