ਜਲੰਧਰ ਦੇ BMC ਚੌਂਕ ‘ਤੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਕੈਂਟਰ ਨਾਲ ਲਟਕਦੀ ਲਾਸ਼ ਵੇਖ ਲੋਕਾਂ ਦੇ ਸਾਹ ਸੂਤੇ

ਜਲੰਧਰ- ਬੀ. ਐੱਮ. ਸੀ. ਚੌਕ ’ਤੇ ਆਰਥਿਕ ਤੰਗੀ ਕਾਰਨ ਇਕ ਡਰਾਈਵਰ ਨੇ ਕੈਂਟਰ ਨਾਲ ਰੱਸੀ ਬੰਨ੍ਹ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਸਵੇਰੇ 8.30 ਵਜੇ ਜਦੋਂ ਮ੍ਰਿਤਕ ਦੇ ਦੋਸਤਾਂ ਨੇ ਕੈਂਟਰ ਨਾਲ ਲਾਸ਼ ਲਟਕਦੀ ਦੇਖੀ ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ 4 ਦੀ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਰਖਵਾ ਕੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕੀਤਾ। ਖੁਦਕੁਸ਼ੀ ਕਰਨ ਵਾਲੇ ਡਰਾਈਵਰ ਦੀ ਪਛਾਣ ਮੰਗਾ (36) ਪੁੱਤਰ ਤਰਸੇਮ ਵਾਸੀ ਮੁੱਧਾ ਨੇੜੇ ਲਾਂਬੜਾ ਵਜੋਂ ਹੋਈ ਹੈ।
ਥਾਣਾ 4 ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬੀਤੇ ਦਿਨ ਸਵੇਰੇ ਸੂਚਨਾ ਮਿਲੀ ਤਾਂ ਉਨ੍ਹਾਂ ਮੌਕੇ ’ਤੇ ਜਾ ਕੇ ਵੇਖਿਆ ਕਿ ਮੰਗੇ ਦੀ ਲਾਸ਼ ਕੈਂਟਰ ਨਾਲ ਬੰਨ੍ਹੀ ਰੱਸੀ ਨਾਲ ਲਟਕ ਰਹੀ ਸੀ, ਜਦੋਂ ਉਸ ਦੀ ਲਾਸ਼ ਨੂੰ ਉਤਾਰ ਕੇ ਉਸ ਦੇ ਕੱਪੜਿਆਂ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਸ ਨੇ ਤੁਰੰਤ ਮੰਗਾ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਦਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ। ਮੰਗਾ ਦੇ ਪਰਿਵਾਰ ਵਾਲੇ ਵੀ ਸਿਵਲ ਹਸਪਤਾਲ ਪੁੱਜੇ ਹੋਏ ਸਨ।
ਮੰਗੇ ਦੀਆਂ 2 ਧੀਆਂ ਤੇ 1 ਪੁੱਤਰ ਹੈ। ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੰਗਾ ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਮੰਗਾ ਨਾਲ ਕੰਮ ਕਰਨ ਵਾਲੇ ਹੋਰ ਡਰਾਈਵਰਾਂ ਨੇ ਕਿਹਾ ਕਿ ਮੰਗਾ ਬਹੁਤ ਮਜ਼ਾਕੀਆ ਸੀ। ਉਹ ਕਦੇ ਸੋਚ ਵੀ ਨਹੀਂ ਸਕਦਾ ਕਿ ਉਹ ਅਜਿਹਾ ਕਦਮ ਚੁੱਕ ਸਕਦਾ ਹੈ। ਕੁਝ ਸਾਲ ਪਹਿਲਾਂ ਮੰਗਾ ਦੇ ਵੱਡੇ ਭਰਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ।