ਰਾਧੇ ਮਾਂ ਨੂੰ ਮਾਣਹਾਨੀ ਕੇਸ ‘ਚ ਨਹੀਂ ਮਿਲੀ ਰਾਹਤ, ਕੋਰਟ ਨੇ ਪਟੀਸ਼ਨ ਕੀਤੀ ਖਾਰਜ

ਮੁੰਬਈ- ਰਾਧੇ ਮਾਂ ਨੂੰ ਮਾਣਹਾਨੀ ਕੇਸ ‘ਚ ਅਦਾਲਤ ਵਲੋਂ ਰਾਹਤ ਨਹੀਂ ਮਿਲੀ ਹੈ। ਸੈਸ਼ਨ ਕੋਰਟ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਰਾਧੇ ਮਾਂ ਵਲੋਂ ਸ਼ਿਕਾਇਤਕਰਤਾ ਖ਼ਿਲਾਫ਼ ਕੀਤੀ ਗਈ ਟਿੱਪਣੀ ਅਸਲ ‘ਚ ਮਾਣਹਾਨੀ ਦਾ ਮਾਮਲਾ ਬਣਦਾ ਹੈ। ਇਸ ਲਈ ਰਾਧੇ ਮਾਂ ਦੀ ਪਟੀਸ਼ਨ ਨੂੰ ਕੋਰਟ ਨੇ ਖਾਰਜ ਕਰ ਦਿੱਤਾ। 2015 ‘ਚ ਦਾਇਰ ਮਾਣਹਾਨੀ ਮਾਮਲੇ ‘ਚ 50 ਸਾਲਾ ਸੁਖਵਿੰਦਰ ਕੌਰ ਉਰਫ਼ ਰਾਧੇ ਮਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਜੱਜ ਐੱਸ.ਜੇ. ਅੰਸਾਰੀ ਨੇ ਕਿਹਾ,”ਸ਼ਿਕਾਇਤਕਰਤਾ ਨੂੰ ਲੈ ਕੇ ਇਹ ਕਿਹਾ ਜਾਣਾ ਕਿ ਉਸ ਕੋਲ ਖਾਣ ਲਈ ਕੁਝ ਨਹੀਂ ਇਸ ਲਈ ਉਹ ਅਮੀਰਾਂ ਨੂੰ ਨਿਸ਼ਾਨਾ ਬਣਾ ਰਹੀ ਇਹ ਚਰਿੱਤਰ ‘ਤੇ ਦਾਗ਼ ਲਗਾਉਣ ਵਰਗਾ ਹੈ। ਇਸ ਲਈ ਇਹ ਕੇਸ ਪੂਰੀ ਤਰ੍ਹਾਂ ਨਾਲ ਮਾਣਹਾਨੀ ਦਾ ਬਣਦਾ ਹੈ ਅਤੇ ਰਾਧੇ ਮਾਂ ਯਾਨੀ ਕਿ ਸੁਖਵਿੰਦਰ ਕੌਰ ਇਸ ਲਈ ਅਸਲ ‘ਚ ਦੋਸ਼ੀ ਹੈ।”
ਜੱਜ ਨੇ ਕਿਹਾ ਕਿ ਇਹ ਦੁਖੀ ਕਰਨ ਵਾਲੇ ਸ਼ਬਦ ਇਕ ਸਮਾਚਾਰ ਚੈਨਲ ‘ਤੇ ਪ੍ਰਸਾਰਿਤ ਕੀਤੇ ਗਏ ਸਨ, ਜਿਸ ਨੂੰ ਸਾਫ਼ ਤੌਰ ‘ਤੇ ਸ਼ਿਕਾਇਤਕਰਤਾ ਅਤੇ ਜਨਤਾ ਨੇ ਵੱਡੇ ਪੈਮਾਨੇ ‘ਤੇ ਦੇਖਿਆ ਸੀ ਅਤੇ ਇਸ ਦੇ ਨਤੀਜੇ ਵਜੋਂ ਸ਼ਿਕਾਇਤਕਰਤਾ ਦੇ ਭਰਾ ਦੀ ਸਗਾਈ ਟੁੱਟ ਗਈ ਸੀ। 39 ਸਾਲਾ ਸ਼ਿਕਾਇਤਕਰਤਾ ਨੇ 2014 ‘ਚ ਆਪਣੇ ਪਤੀ, ਪਰਿਵਾਰ ਦੇ 5 ਹੋਰ ਮੈਂਬਰਾਂ ਅਤੇ ਰਾਧੇ ਮਾਂ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਸੀ, ਜਿਸ ‘ਚ ਦੋਸ਼ ਲਗਾਇਆ ਗਿਆ ਸੀ ਕਿ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨਾਲ ਗਲਤ ਰਵੱਈਆ ਕੀਤਾ ਅਤੇ ਰਾਧੇ ਮਾਂ ਦੇ ਆਦੇਸ਼ ‘ਤੇ ਦਾਜ ਦੀ ਮੰਗ ਕੀਤੀ ਸੀ। ਪਿਛਲੇ ਸਾਲ ਸੈਸ਼ਨ ਅਦਾਲਤ ਨੇ ਉਸ ਮਾਮਲੇ ‘ਚ ਰਾਧੇ ਮਾਂ ਨੂੰ ਬਰੀ ਕਰ ਦਿੱਤਾ ਸੀ, ਇਹ ਦੇਖਦੇ ਹੋਏ ਕਿ ਉਨ੍ਹਾਂ ਦੇ ਅਤੇ ਪੀੜਤਾ ਵਿਚਾਲੇ ਕੋਈ ਘਰੇਲੂ ਸੰਬੰਧ ਨਹੀਂ ਸੀ।