ਸੁਖਬੀਰ ਬਾਦਲ ਨੇ ਭਾਜਪਾ ਖਿਲਾਫ਼ ਹੋਏ ਗੱਠਜੋੜ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ’ਤੇ ਕਸਿਆ ਤੰਜ

‘ਪੁੱਤ ਦਿੱਲੀ ਦੇ’ ਟਾਈਟਲ ਦੇ ਨਾਮ ਵਾਲਾ ਪੋਸਟਰ ਕੀਤਾ ਜਾਰੀ
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨਡੀਏ) ਖਿਲਾਫ਼ ਬਣਾਏ ਗਏ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਤੰਜ ਕਸਿਆ ਹੈ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ‘ਇੰਡੀਆ’ ਨੂੰ ਲੈ ‘ਪੁੱਤ ਦਿੱਲੀ ਦੇ’ ਟਾਈਟਲ ਦੇ ਨਾਮ ਵਾਲਾ ਇਕ ਪੋਸਟਰ ਵੀ ਜਾਰੀ ਕੀਤਾ ਹੈ। ਫਿਲਮੀ ਅੰਦਾਜ਼ ’ਚ ਬਣਾਏ ਗਏ ਇਸ ਪੋਸਟਰ ਦੇ ਉਪਰਲੇ ਪਾਸੇ ਸੋਨੀਆ ਗਾਂਧੀ, ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਤਸਵੀਰ ਲਗਾਈ ਗਈ ਹੈ। ਇਨ੍ਹਾਂ ਤਿੰਨੋਂ ਆਗੂਆਂ ਦੇ ਹੇਠਾਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਫੋਟੋ ਲਗਾਈ ਗਈ ਹੈ। ਪੋਸਟਰ ਦੇ ਹੇਠਾਂ ਪਾਈ ਗਈ ਪੋਸਟ ਵਿਚ ਲਿਖਿਆ ਗਿਆ ਹੈ ਕਿ ਇਨ੍ਹਾਂ ਸਾਰਿਆਂ ਦੀ ਲਗਾਮ ਦਿੱਲੀ ਦੇ ਹੱਥ ਵਿਚ ਹੈ ਅਤੇ ਇਹ ਕਠਪੁਤਲੀਆਂ ਦਿੱਲੀ ਤੋਂ ਖਿੱਚੀ ਜਾਣ ਵਾਲੀ ਡੋਰ ’ਤੇ ਨੱਚਣਗੀਆਂ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਇਹ ਸਾਰੇ ਆਗੂ ਹੁਣ ਪੰਜਾਬ ਦੇ ਹਿਤਾਂ ਨੂੰ ਛੱਡ ਕੇ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਦੀ ਪ੍ਰਮੋਸ਼ਨ ਲਈ ਕੰਮ ਕਰਨਗੇ ਅਤੇ ਉਨ੍ਹਾਂ ਦੀ ਹੀ ਭਾਸ਼ਾ ਬੋਲਣਗੇ।