ਮਣੀਪੁਰ ‘ਚ ਦੋ ਔਰਤਾਂ ਨੂੰ ਨਗਨ ਪਰੇਡ ਕਰਾਉਣ ਦਾ ਮੁੱਖ ਸਾਜ਼ਿਸ਼ਕਰਤਾ ਗ੍ਰਿਫ਼ਤਾਰ

ਇੰਫਾਲ- ਮਣੀਪੁਰ ਪੁਲਸ ਨੇ ਸੈਨਾਪਤੀ ਜ਼ਿਲ੍ਹੇ ਦੇ ਇਕ ਪਿੰਡ ‘ਚ ਦੋ ਜਨਜਾਤੀ ਔਰਤਾਂ ਨੂੰ ਨਗਨ ਕਰ ਕੇ ਪਰੇਡ ਕਰਾਉਣ ਅਤੇ ਭੀੜ ਵਲੋਂ ਛੇੜਛਾੜ ਕੀਤੇ ਜਾਣ ਸਬੰਧੀ 4 ਮਈ ਦੀ ਘਟਨਾ ਦੇ ਵੀਡੀਓ ‘ਚ ਨਜ਼ਰ ਆ ਰਹੇ ਮੁੱਖ ਦੋਸ਼ੀਆਂ ‘ਚੋਂ ਇਕ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਓਧਰ ਮੁੱਖ ਮੰਤਰੀ ਬੀਰੇਨ ਸਿੰਘ ਨੇ ਕਿਹਾ ਕਿ ਉਹ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਕਰਨਗੇ ਅਤੇ ਮੌਤ ਦੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਵੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਘਟਨਾ ਦਾ ਵੀਡੀਓ ਸਾਹਮਣੇ ਆਉਣ ਦੇ ਤੁਰੰਤ ਬਾਅਦ ਪੁਲਸ ਦੀਆਂ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਮੁੱਖ ਸਾਜ਼ਿਸ਼ਕਰਤਾ ਦੱਸੇ ਜਾ ਰਹੇ ਵਿਅਕਤੀ ਨੂੰ ਥਾਊਬਲ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸਬੰਧਤ ਦੋਸ਼ੀ 23 ਸਕਿੰਟ ਦੀ ਵੀਡੀਓ ‘ਚ ਵਿਖਾਈ ਦੇ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ ਸਾਹਮਣੇ ਆਉਣ ਮਗਰੋਂ ਘਟਨਾ ਨੂੰ ਤੁਰੰਤ ਧਿਆਨ ਵਿਚ ਲੈਂਦੇ ਹੋਏ ਪੁਲਸ ਹਰਕਤ ਵਿਚ ਆ ਗਈ ਅਤੇ ਸਵੇਰੇ ਪਹਿਲੀ ਗ੍ਰਿਫ਼ਤਾਰੀ ਕੀਤੀ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮੇਰੀ ਹਮਦਰਦੀ ਉਨ੍ਹਾਂ ਦੋਹਾਂ ਔਰਤਾਂ ਪ੍ਰਤੀ ਜੋ ਸਭ ਤੋਂ ਅਪਮਾਨਜਨਕ ਅਤੇ ਅਣਮਨੁੱਖੀ ਕਾਰੇ ਦਾ ਸ਼ਿਕਾਰ ਹੋਈਆਂ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਪੂਰੀ ਜਾਂਚ ਚੱਲ ਰਹੀ ਹੈ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਫਾਂਸੀ ਦੀ ਸਜ਼ਾ ਦੀ ਸੰਭਾਵਨਾ ਸਮੇਤ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਸਪੱਸ਼ਟ ਕਰਦਾ ਹਾਂ ਕਿ ਸਾਡੇ ਸਮਾਜ ‘ਚ ਅਜਿਹੇ ਘਿਨਾਉਣੇ ਕੰਮਾਂ ਲਈ ਕੋਈ ਥਾਂ ਨਹੀਂ ਹੈ।
ਦੱਸ ਦੇਈਏ ਕਿ ਮਣੀਪੁਰ ਵਿਚ 3 ਮਈ ਨੂੰ ਇੰਫਾਲ ਘਾਟੀ ‘ਚ ਰਹਿਣ ਵਾਲੇ ਬਹੁਗਿਣਤੀ ਮੇਇਤੀ ਭਾਈਚਾਰੇ ਅਤੇ ਪਹਾੜੀ ਖੇਤਰਾਂ ‘ਚ ਰਹਿਣ ਵਾਲੇ ਜਨਜਾਤੀ ਭਾਈਚਾਰਿਆਂ ਦਰਮਿਆਨ ਨਸਲੀ ਝੜਪਾਂ ਸ਼ੁਰੂ ਹੋਣ ਮਗਰੋਂ ਹਿੰਸਾ ‘ਚ 150 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਸੂਬੇ ਦੀ ਆਬਾਦੀ ਵਿਚ ਮੇਇਤੀ ਲੋਕਾਂ ਦੀ ਗਿਣਤੀ ਲਗਭਗ 53 ਫ਼ੀਸਦੀ ਹੈ ਅਤੇ ਉਹ ਜ਼ਿਆਦਾਤਰ ਇੰਫਾਲ ਘਾਟੀ ਵਿਚ ਰਹਿੰਦੇ ਹਨ। ਜਦਕਿ ਜਨਜਾਤੀ ਭਾਈਚਾਰਿਆਂ- ਨਗਾ ਅਤੇ ਕੂਕੀ ਲੋਕਾਂ ਦੀ ਆਬਾਦੀ 40 ਫ਼ੀਸਦੀ ਹੈ ਅਤੇ ਉਹ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ‘ਚ ਰਹਿੰਦੇ ਹਨ।