ਪਬ-ਜੀ ਗੇਮ ਤੋਂ ਪ੍ਰਭਾਵਿਤ ਹੋ ਕੇ ਇਕ ਭਰਾ ਨੇ ਆਪਣੀਆਂ ਤਿੰਨ ਨਾਬਾਲਿਗ ਭੈਣਾਂ ਦਾ ਕੀਤਾ ਕਤਲ

ਪਾਕਿਸਤਾਨ – ਪਾਕਿਸਤਾਨ ਦੇ ਸ਼ਹਿਰ ਮੁਜਫ਼ਰਗੜ ਦੀ ਥਰਮਲ ਪਲਾਂਟ ਕਲੋਨੀ ਵਿਚ ਪਬ-ਜੀ ਗੇਮ ਤੋਂ ਪ੍ਰਭਾਵਿਤ ਹੋ ਕੇ ਆਪਣੀ ਤਿੰਨ ਨਾਬਾਲਿਗ ਭੈਣਾਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਕਾਬੂ ਕੀਤਾ ਹੈ। ਸੂਤਰਾਂ ਅਨੁਸਾਰ ਬੁੱਧਵਾਰ ਨੂੰ ਥਰਮਲ ਸਕਿਊਰਿਟੀ ਸਾਰਜਟ ਏਜਾਜ ਦੀਆਂ ਤਿੰਨ ਕੁੜੀਆਂ ਫਾਤਿਮਾ (9) ਜਾਹਿਰਾ (8) ਅਤੇ ਆਰੀਸ਼ਾ (5) ਦੀਆਂ ਲਾਸ਼ਾਂ ਥਰਮਲ ਪਲਾਂਟ ਕਾਲੋਨੀ ਦੇ ਇਕ ਖਾਲੀ ਪਏ ਕੁਆਰਟਰ ਵਿਚ ਪਈਆਂ ਮਿਲੀਆਂ।
ਤਿੰਨਾਂ ਦੀ ਗਲਾ ਕੱਟ ਕੇ ਕਤਲ ਕਰ ਦਿੱਤਾ ਗਈ ਸੀ। ਇਸ ਸਬੰਧੀ ਸੂਚਨਾ ਮਿਲਣ ’ਤੇ ਜਦ ਪੁਲਸ ਜਾਂਚ ’ਚ ਲੱਗੀ ਤਾਂ ਤਿੰਨ ਮ੍ਰਿਤਕ ਕੁੜੀਆਂ ਦਾ ਭਰਾ ਬਾਸਿਤ ਪੁਲਸ ਦੀ ਜਾਂਚ ’ਚ ਵੀ ਵੱਧ ਚੜ ਕੇ ਦਿਲਚਸਪੀ ਦਿਖਾਉਂਦਾ ਰਿਹਾ, ਪਰ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਬਾਸਿਤ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ । ਇਸ ਪੁੱਛਗਿੱਛ ‘ਤੇ ਮੁਲਜ਼ਮ ਭਰਾ ਨੇ ਆਪਣਾ ਜ਼ੁਰਮ ਸਵੀਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਪਬ-ਜੀ ਗੇਮ ਦਾ ਸ਼ਿਕਾਰ ਹੋ ਕੇ ਆਪਣੀਆਂ ਭੈਣਾਂ ਦਾ ਕਤਲ ਕੀਤਾ ਅਤੇ ਬਾਅਦ ਵਿਚ ਲਾਸ਼ਾਂ ਨੂੰ ਖਾਲੀ ਕੁਆਰਟਰ ਵਿਚ ਸੁੱਟ ਦਿੱਤਾ। ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਬਾਸਿਤ ਨੇ ਹੀ ਪੁਲਸ ਨੂੰ ਫੋਨ ਕਰਕੇ ਆਪਣੀਆਂ ਭੈਣਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਸੀ ਅਤੇ ਬਾਅਦ ਵਿਚ ਤਿੰਨਾਂ ਕੁੜੀਆਂ ਦੀਆਂ ਲਾਸ਼ਾਂ ਇਕ ਖਾਲੀ ਰਿਹਾਇਸ਼ ਤੋਂ ਬਰਾਮਦ ਕੀਤੀਆਂ ਗਈਆਂ।