30 ਸਾਲ ਬਾਅਦ ਉੱਤਰੀ ਕਸ਼ਮੀਰ ‘ਚ ਹੋਈ ਸਿਨੇਮਾਘਰਾਂ ਦੀ ਵਾਪਸੀ, ਉੱਪ ਰਾਜਪਾਲ ਨੇ ਕੀਤਾ ਉਦਘਾਟਨ

ਬਾਰਾਮੂਲਾ – ਉੱਪ ਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਾਰਾਮੂਲਾ ਅਤੇ ਹੰਦਵਾੜਾ ਸ਼ਹਿਰਾਂ ‘ਚ 100 ਸੀਟਾਂ ਵਾਲੇ ਮਲਟੀਪਰਪਜ਼ ਸਿਨੇਮਾ ਹਾਲ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉੱਤਰੀ ਕਸ਼ਮੀਰ ‘ਚ ਲਗਭਗ 3 ਦਹਾਕਿਆਂ ਬਾਅਦ ਸਿਨੇਮਾਘਰਾਂ ਦੀ ਵਾਪਸੀ ਹੋਈ ਹੈ। ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ‘ਚ ਵੀ ਹਾਲ ‘ਚ ਉੱਪ ਰਾਜਪਾਲ ਵਲੋਂ ਸਿਨੇਮਾਘਰਾਂ ਦਾ ਉਦਘਾਟਨ ਕੀਤਾ ਗਿਆ ਸੀ, ਜਦੋਂ ਕਿ ਇਕ ਨਿੱਜੀ ਕੰਪਨੀ ਨੇ ਪਿਛਲੇ ਸਾਲ ਸ਼੍ਰੀਨਗਰ ਸ਼ਹਿਰ ‘ਚ ਘਾਟੀ ਦਾ ਪਹਿਲਾ ਮਲਟੀਪਲੈਕਸ ਸਥਾਪਤ ਕੀਤਾ ਸੀ।
ਇਕ ਅਧਿਕਾਰਤ ਬੁਲਾਰੇ ਨੇ ਕਿਹਾ,”ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਇਕ ਹੋਰ ਇਤਿਹਾਸਕ ਪਹਿਲ ਕਰਦੇ ਹੋਏ ਉੱਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਬਾਰਾਮੂਲਾ ਅਤੇ ਹੰਦਵਾੜਾ ‘ਚ 100 ਸੀਟਾਂ ਵਾਲੇ ਮਲਟੀਪਰਪਜ਼ ਸਿਨੇਮਾ ਹਾਲ ਦਾ ਉਦਘਾਟਨ ਕੀਤਾ।” ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਅਦ ਬਾਰਾਮੂਲਾ ‘ਚ ਸਿਨੇਮਾ ਦੀ ਵਾਪਸੀ ਹੋਈ ਹੈ। ਉੱਪ ਰਾਜਪਾਲ ਨੇ ਲੋਕਾਂ ਨੂੰ ਵੱਡੀ ਸਕ੍ਰੀਨ ਦਾ ਅਨੁਭਵ ਪ੍ਰਦਾਨ ਕਰਨ ਲਈ ਹਰ ਜ਼ਿਲ੍ਹੇ ‘ਚ ਇਕ ਫਿਲਮ ਥੀਏਟਰ ਸਥਾਪਤ ਕਰਨ ਦਾ ਸੰਕਲਪ ਜਤਾਇਆ ਹੈ।