ਪੰਜਾਬ ‘ਚ ਆਏ ਹੜ੍ਹਾਂ ‘ਤੇ CM ਖੱਟੜ ਦਾ ਵੱਡਾ ਬਿਆਨ, SYL ਨਹਿਰ ਬਣੀ ਹੁੰਦੀ ਤਾਂ ਨਾ ਹੁੰਦੇ ਅਜਿਹੇ ਹਾਲਾਤ

ਰੋਹਤਕ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਦਿੱਲੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਤਲੁਜ-ਯਮੁਨਾ ਲਿੰਕ (ਐੱਸ.ਵਾਈ.ਐੱਲ.) ਦੇ ਨਾਮ ‘ਤੇ ਪੰਜਾਬ ਨੂੰ ਵੀ ਘੇਰਿਆ ਹੈ। ਮੁੱਖ ਮੰਤਰੀ ਨੇ ਰੋਹਤਕ ਦੇ ਹੁੱਡਾ ਕੰਪਲੈਕਸ ਸਥਿਤ ਭਾਜਪਾ ਪ੍ਰਦੇਸ਼ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਅੱਜ ਐੱਸ.ਵਾਈ.ਐੱਲ. ਨਹਿਰ ਬਣੀ ਹੁੰਦੀ ਤਾਂ ਪੰਜਾਬ ਨੂੰ ਘੱਟ ਨੁਕਸਾਨ ਹੋਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੀਂਹ ਦਾ ਵਾਧੂ ਪਾਣੀ ਵਗ ਕੇ ਹਰਿਆਣਾ ‘ਚ ਜੋ ਐੱਸ.ਵਾਈ.ਐੱਲ. ਬਣੀ ਹੋਈ ਹੈ, ਉਸ ‘ਚ ਆਇਆ, ਜਿਸ ਕਾਰਨ ਅੰਬਾਲਾ ਅਤੇ ਕੁਰੂਕੁਸ਼ੇਤਰ ਜ਼ਿਲ੍ਹੇ ਦੇ ਇਲਾਕੇ ਡੁੱਬ ਗਏ। ਇਹ 2 ਜ਼ਿਲ੍ਹੇ ਸਿਰਫ਼ ਅਧੂਰੀ ਬਣੀ ਹੋਈ ਐੱਸ.ਵਾਈ.ਐੱਲ. ਕਾਰਨ ਡੁੱਬੇ ਪਰ ਹਰਿਆਣਾ ਨੇ ਪੰਜਾਬ ‘ਤੇ ਦੋਸ਼ ਨਹੀਂ ਲਗਾਇਆ।
ਸੀ.ਐੱਮ. ਖੱਟੜ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਡੁਬੋਣ ਦਾ ਦੋਸ਼ ਲਗਾ ਰਹੀ ਹੈ, ਇਹ ਛੋਟੀ ਸੋਚ ਦੀ ਉਦਾਹਰਣ ਹੈ। ਛੋਟੀ ਸੋਚ ਦਾ ਵਿਅਕਤੀ ਅਜਿਹੀ ਸੋਚ ਰੱਖ ਸਕਦਾ ਹੈ ਕਿ ਮੈਂ ਆਪਣਾ ਬਚਾਅ ਕਰਾਂ ਅਤੇ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾ ਦੇਵਾਂ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਆਰ.ਟੀ.ਓ. ਬੈਰਾਜ ਦੀ ਸਾਂਭ-ਸੰਭਾਲ ‘ਤੇ ਪੈਸਾ ਕਦੇ ਵੀ ਹਰਿਆਣਾ ਨਹੀਂ ਖਰਚ ਕਰਦਾ। ਉਹ ਪੈਸਾ 2018 ਤੱਕ ਇੰਦਰਪ੍ਰਸਥ ਪਾਵਰ ਪਲਾਂਟ ਨੇ ਦਿੱਤਾ। ਪਲਾਂਟ ਦੇ ਬੰਦ ਹੋਣ ਨਾਲ ਪੈਸਾ ਆਉਣਾ ਬੰਦ ਹੋ ਗਿਆ।
ਇਹ ਹੈ ਸਤਲੁਜ-ਯਮੁਨਾ ਲਿੰਕ ਵਿਵਾਦ
ਪੰਜਾਬ ਤੋਂ ਹਰਿਆਣਾ 1 ਨਵੰਬਰ 1966 ਨੂੰ ਵੱਖ ਹੋ ਗਿਆ ਪਰ ਉਸ ਸਮੇਂ ਪਾਣੀ ਦੀ ਵੰਡ ਨਹੀਂ ਸੀ ਹੋਈ। ਕੁਝ ਸਾਲਾਂ ਬਾਅਦ ਕੇਂਦਰ ਨੇ ਹਰਿਆਣਾ ਨੂੰ 3.5 ਮਿਲੀਅਨ ਏਕੜ-ਫੁੱਟ (MAF) ਪਾਣੀ ਅਲਾਟ ਕੀਤਾ। ਇਸ ਪਾਣੀ ਨੂੰ ਲਿਆਉਣ ਲਈ SYL ਨਹਿਰ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਹਰਿਆਣਾ ਨੇ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਈ ਸਾਲ ਪਹਿਲਾਂ ਪੂਰਾ ਕਰ ਲਿਆ ਸੀ ਪਰ ਪੰਜਾਬ ਨੇ ਅਜੇ ਤੱਕ ਆਪਣੇ ਹਿੱਸੇ ਦਾ ਨਿਰਮਾਣ ਨਹੀਂ ਕੀਤਾ। ਹਾਲਾਂਕਿ ਇਹ ਮਾਮਲਾ ਅਜੇ ਵੀ ਠੰਡੇ ਬਸਤੇ ’ਚ ਹੈ। ਸੁਪਰੀਮ ਕੋਰਟ ’ਚ ਇਹ ਮੁੱਦਾ ਕਈ ਵਾਰ ਉੱਠਿਆ ਹੈ ਅਤੇ ਹਰ ਵਾਰ ਦੋਹਾਂ ਸੂਬਿਆਂ ਨੂੰ ਵਿਵਾਦ ਜਲਦੀ ਸੁਲਝਾਉਣ ਦੀ ਗੱਲ ਆਖੀ ਗਈ।