ਪਾਕਿਸਤਾਨ ’ਚ ਢਾਹਿਆ ਗਿਆ 150 ਸਾਲ ਪੁਰਾਣਾ ਮੰਦਿਰ

ਕਰਾਚੀ- ਐਤਵਾਰ ਤੜਕੇ ਕਰਾਚੀ ਵਿਚ ਜਦ ਲੋਕ ਸੌਂ ਕੇ ਉੱਠੇ ਤਾਂ ਉਨ੍ਹਾਂ ਵੇਖਿਆ ਕਿ ਸ਼ਹਿਰ ਦੇ ਸੋਲਜ਼ਰ ਬਾਜ਼ਾਰ ਵਿਚ ਸਭ ਤੋਂ ਪੁਰਾਣੇ ਮਾਰੀ ਮਾਤਾ ਮੰਦਰ ਨੂੰ ਢਾਹ ਦਿੱਤਾ ਗਿਆ ਸੀ। ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਜਦ ਮੰਦਰ ਦੇ ਢਾਹੇ ਜਾਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਰੋਸ-ਪ੍ਰਦਰਸ਼ਨ ਕੀਤਾ।ਸੂਤਰਾਂ ਅਨੁਸਾਰ ਇਹ ਕਾਰਵਾਈ ਉਸ ਸਮੇਂ ਤੜਕਸਾਰ ਹੋਈ, ਜਦ ਇਲਾਕੇ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਨਾਲ ਬੰਦ ਸੀ ਜਾਂ ਕਿਹਾ ਜਾ ਸਕਦਾ ਸੀ ਕਿ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਜਦ ਲੋਕਾਂ ਨੂੰ ਪਤਾ ਲੱਗਾ ਤਾਂ ਉਦੋਂ ਤਕ ਬੁਲਡੋਜ਼ਰ ਆਪਣਾ ਕੰਮ ਕਰ ਕੇ ਵਾਪਸ ਜਾ ਚੁੱਕੇ ਸੀ। ਮੰਦਰ ਨੂੰ ਢਾਹੁਣ ਵਾਲਿਆਂ ਨੇ ਮੰਦਰ ਦੀ ਚਾਰਦੀਵਾਰੀ ਅਤੇ ਮੁੱਖ ਦੁਆਰ ਨੂੰ ਛੇੜਿਆ ਤਕ ਨਹੀਂ, ਜਦਕਿ ਅੰਦਰੋਂ ਮੰਦਰ ਨੂੰ ਪੂਰੀ ਤਰ੍ਹਾਂ ਨਾਲ ਢਾਹ ਦਿੱਤਾ ਗਿਆ।
ਹਿੰਦੂ ਫਿਰਕੇ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਜਦ ਬੁਲਡੋਜ਼ਰ ਚੱਲ ਰਹੇ ਸੀ ਤਾਂ ਸਾਨੂੰ ਪੁਲਸ ਨੇ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ, ਜਿਸ ਕਾਰਨ ਪਤਾ ਹੀ ਨਹੀਂ ਲੱਗਾ। ਲੋਕਾਂ ਨੇ ਦੋਸ਼ ਲਗਾਇਆ ਕਿ ਸੋਲਜ਼ਰ ਬਾਜ਼ਾਰ ਵਿਚ ਪੁਲਸ ਸਟੇਸ਼ਨ ਸਥਾਪਿਤ ਹੈ ਅਤੇ ਮੰਦਰ ਤੋਂ ਇਹ ਪੁਲਸ ਸਟੇਸ਼ਨ ਸਿਰਫ 200 ਮੀਟਰ ਦੀ ਦੂਰੀ ’ਤੇ ਹੈ। ਇਸ ਮੰਦਰ ਦੇ ਕੋਲ ਹੀ ਪੁਰਾਣਾ ਪੰਚ ਮੁਖੀ ਮੰਦਰ ਹੈ ਅਤੇ ਉਸ ਦੇ ਪੁਜ਼ਾਰੀ ਰਾਮ ਨਾਥ ਮਿਸ਼ਰਾ ਨੇ ਦੱਸਿਆ ਕਿ ਜਦ ਮੰਦਰ ਢਾਹਿਆ ਜਾ ਰਿਹਾ ਸੀ ਤਾਂ ਵੱਡੀ ਗਿਣਤੀ ਵਿਚ ਪੁਲਸ ਵੀ ਮੰਦਰ ਢਾਹੁਣ ਵਾਲਿਆਂ ਦੇ ਨਾਲ ਮੌਜੂਦ ਸੀ।
ਉਨ੍ਹਾਂ ਦੱਸਿਆ ਕਿ ਮਾਰੀ ਮਾਤਾ ਮੰਦਰ ਲਗਭਗ ਇਕ ਏਕੜ ਜ਼ਮੀਨ ’ਚ ਫੈਲਿਆ ਹੋਇਆ ਹੈ ਅਤੇ ਇਹ ਲਗਭਗ 150 ਸਾਲ ਪੁਰਾਣਾ ਹੈ। ਮੰਦਰ ਦੀ ਜ਼ਮੀਨ ’ਤੇ ਭੂ ਮਾਫੀਆਂ ਦੀ ਨਜ਼ਰ ਸੀ। ਮੰਦਰ ’ਤੇ ਕਰਾਚੀ ਦੇ ਹਿੰਦੂ ਫਿਰਕੇ ਦੇ ਮਰਦਾਸੀ ਭਾਈਚਾਰੇ ਦਾ ਕਬਜ਼ਾ ਸੀ। ਮਰਦਾਸੀ ਹਿੰਦੂ ਭਾਈਚਾਰੇ ਦੇ ਇਕ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਵਿਅਕਤੀਆਂ ਇਮਰਾਨ ਹਾਸ਼ਮੀ ਅਤੇ ਰੇਖਾ ਉਰਫ ਨਾਗਿਨ ਬਾਈ ਮਹਿਲਾ ਵਲੋਂ ਮੰਦਰ ਨੂੰ ਖਾਲੀ ਕਰਨ ਲਈ ਕੁਝ ਸਮੇਂ ਤੋਂ ਮਜਬੂਰ ਕੀਤਾ ਜਾ ਰਿਹਾ ਸੀ। ਕਿਹਾ ਜਾ ਰਿਹਾ ਕਿ ਇਨ੍ਹਾਂ ਦੋਵਾਂ ਨੇ ਮੰਦਰ ਦੀ ਸਾਰੀ ਜ਼ਮੀਨ ਨੂੰ ਕਿਸੇ ਹੋਰ ਵਿਅਕਤੀ ਨੂੰ ਦੋ ਕਰੋੜ ਵਿਚ ਵੇਚ ਦਿੱਤਾ ਸੀ ਅਤੇ ਖਰੀਦਦਾਰ ਉੱਥੇ ਵਪਾਰਕ ਇਮਾਰਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨਵੈਦ ਨਾਂ ਦੇ ਵਿਅਕਤੀ ਦੇ ਨਾਂ ਇਸ ਮੰਦਰ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕੀਤੀ ਗਈ ਸੀ, ਉਸ ’ਤੇ ਪਹਿਲਾਂ ਵੀ ਲੋਕਾਂ ਦੀ ਜਾਇਦਾਦ ਹੜੱਪਣ ਦੇ ਕੇਸ ਚੱਲ ਰਹੇ ਹਨ।