ਦਿੱਲੀ ‘ਚ ਹੜ੍ਹ ਨੇ ਮਚਾਈ ਤਬਾਹੀ, ਦਵਾਰਕਾ ‘ਚ 3 ਨੌਜਵਾਨਾਂ ਦੀ ਡੁੱਬਣ ਨਾਲ ਮੌਤ

ਨਵੀਂ ਦਿੱਲੀ : ਦਿੱਲੀ ਦੇ ਦਵਾਰਕਾ ਇਲਾਕੇ ‘ਚ ਨਿਰਮਾਣ ਅਧੀਨ ਗੋਲਫ ਕੋਰਸ ਵਿੱਚ ਪਾਣੀ ਦੇ ਟੋਏ ‘ਚ ਡੁੱਬਣ ਨਾਲ 3 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਰਾਤ ਕਰੀਬ 8 ਵਜੇ ਸੂਚਨਾ ਮਿਲੀ ਸੀ ਕਿ 3 ਨੌਜਵਾਨ ਪਾਣੀ ਵਿੱਚ ਵੜ ਗਏ ਹਨ ਤੇ ਵਾਪਸ ਨਹੀਂ ਪਰਤੇ। ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਉਸ ਨੂੰ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਨੇ ਤਿੰਨਾਂ ਮ੍ਰਿਤਕਾਂ ਦੀ ਪਛਾਣ ਕਰ ਲਈ ਹੈ।
ਪੁਲਸ ਮੁਤਾਬਕ 4 ਨੌਜਵਾਨਾਂ ਦਾ ਇਕ ਸਮੂਹ ਦਵਾਰਕਾ ਦੇ ਸੈਕਟਰ-23 ਥਾਣਾ ਖੇਤਰ ਵਿੱਚ ਉਸਾਰੀ ਅਧੀਨ ਗੋਲਫ ਕੋਰਸ ‘ਚ ਕੰਧ ਟੱਪ ਕੇ ਦਾਖ਼ਲ ਹੋਇਆ ਸੀ। ਇਹ ਸਾਰੇ ਲੜਕੇ ਸੈਕਟਰ-19 ਦੇ ਇਕ ਮੈਦਾਨ ‘ਚ ਫੁੱਟਬਾਲ ਖੇਡ ਕੇ ਵਾਪਸ ਪਰਤ ਰਹੇ ਸਨ, ਉਦੋਂ ਅਚਾਨਕ ਉਨ੍ਹਾਂ ਨੇ ਉਸਾਰੀ ਅਧੀਨ ਗੋਲਫ ਕੋਰਸ ਵਿੱਚ ਦਾਖਲ ਹੋਣ ਦਾ ਮਨ ਬਣਾ ਲਿਆ। ਇਸ ਮਾਮਲੇ ‘ਚ ਪੁਲਸ ਨੇ ਦੱਸਿਆ ਕਿ ਲੜਕੇ ਆਪਣੇ ਬੈਗ ਅਤੇ ਕੁਝ ਕੱਪੜੇ ਕੰਢੇ ‘ਤੇ ਘਾਹ ‘ਚ ਛੱਡ ਕੇ ਗੋਲਫ ਕੋਰਸ ‘ਚ ਪਾਣੀ ਦੇ ਟੋਏ ‘ਚ ਚਲੇ ਗਏ ਅਤੇ ਡੁੱਬ ਗਏ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਦਿੱਲੀ ਦੇ ਮੁਕੰਦਪੁਰ ‘ਚ ਪਾਣੀ ਨਾਲ ਭਰੀ ਇਕ ਜਗ੍ਹਾ ‘ਚ ਡੁੱਬਣ ਨਾਲ 3 ਛੋਟੇ ਬੱਚਿਆਂ ਦੀ ਮੌਤ ਹੋ ਗਈ ਸੀ। ਪੁਲਸ ਨੇ ਉਨ੍ਹਾਂ ਨੂੰ ਪਾਣੀ ’ਚੋਂ ਬਾਹਰ ਕੱਢ ਕੇ ਬਾਬੂ ਜਗਜੀਵਨ ਰਾਮ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।