ਹੜ੍ਹ ਦੀ ਮਾਰ ਵਿਚਾਲੇ ਮਹਿੰਗਾਈ ਦਾ ਝਟਕਾ, ਹਿਮਾਚਲ ਸਰਕਾਰ ਨੇ ਵਧਾਈ ਡੀਜ਼ਲ ਦੀ ਕੀਮਤ

ਨੈਸ਼ਨਲ ਡੈਸਕ: ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਾਰਿਸ਼ ਦੀ ਤਬਾਹੀ ਤੋਂ ਉੱਭਰ ਰਹੀ ਹਿਮਾਚਲ ਪ੍ਰਦੇਸ਼ ਦੀ ਜਨਤਾ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਨੇ ਕਰਾਰਾ ਝਟਕਾ ਦਿੱਤਾ ਹੈ। ਸੁੱਖੂ ਸਰਕਾਰ ਨੇ ਡੀਜ਼ਲ ‘ਤੇ 3 ਰੁਪਏ ਪ੍ਰਤੀ ਲੀਟਰ ਵੈਟ ਵਧਾ ਦਿੱਤਾ ਹੈ।
ਡੀਜ਼ਲ ‘ਤੇ ਵੈਟ ਵਧਾਉਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਜੋ ਅੱਧੀ ਰਾਤ ਤੋਂ ਲਾਗੂ ਹੋ ਜਾਵੇਗੀ। ਨੋਟੀਫ਼ਿਕੇਸ਼ ਮੁਤਾਬਕ, ਸੂਬਾ ਸਰਕਾਰ ਨੇ ਡੀਜ਼ਲ ‘ਤੇ ਵੈਟ 9.96 ਫ਼ੀਸਦੀ ਤੋਂ ਵਧਾ ਕੇ 13.9 ਫ਼ੀਸਦੀ ਪ੍ਰਤੀ ਲੀਟਰ ਕਰ ਦਿੱਤਾ ਹੈ। ਇਸ ਨਾਲ ਡੀਜ਼ਲ ‘ਤੇ ਵੈਟ ਜੋ ਪਹਿਲਾਂ 7.40 ਰੁਪਏ ਪ੍ਰਤੀ ਲੀਟਰ ਸੀ, ਹੁਣ 10.40 ਰੁਪਏ ਪ੍ਰਤੀ ਲੀਟਰ ਲੱਗੇਗਾ। ਇਸ ਨਾਲ ਸੂਬੇ ਵਿਚ ਪ੍ਰਤੀ ਲੀਟਰ ਡੀਜ਼ਲ ਦੀ ਕੀਮਤ ਮੌਜੂਦਾ 86 ਰੁਪਏ ਤੋਂ ਵੱਧ ਕੇ 89 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਸੁੱਖੂ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਦੋ ਵਾਰ ਡੀਜ਼ਲ ‘ਤੇ ਵੈਟ ਵਧਾਇਆ ਹੈ। ਇਸ ਤੋਂ ਪਹਿਲਾਂ ਇਸੇ ਸਾਲ 7 ਜਨਵਰੀ ਨੂੰ ਡੀਜ਼ਲ ‘ਤੇ ਵੈਟ 3 ਫ਼ੀਸਦੀ ਵਧਾਇਆ ਗਿਆ ਸੀ। ਦਸੰਬਰ 2022 ਵਿਚ ਜਦ ਸੁੱਖੂ ਸਰਕਾਰ ਨੇ ਸੱਤਾ ਸੰਭਾਲੀ ਤਾਂ ਡੀਜ਼ਲ ‘ਤੇ ਵੈਟ 4.40 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ ਵਧ ਕੇ 10.40 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।