‘ਰਖਵਾਲਾ ਬਣਿਆ ਹੈਵਾਨ’, ਧੀ ਦੀ ਇੱਜ਼ਤ ਲੀਰੋ-ਲੀਰ ਕਰਨ ਵਾਲੇ ਪਿਓ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਮੁੰਬਈ, – ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ 8 ਸਾਲਾ ਧੀ ਦੇ ਜਬਰ-ਜ਼ਨਾਹ ਦੇ ਦੋਸ਼ੀ ਪਿਓ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਹੈ ਕਿ ਇਹ ਕਾਰਾ ‘ਮਨੁੱਖਤਾ ’ਤੇ ਭਰੋਸੇ ਦਾ ਖੂਨ ਕਰਨ ਦੇ ਬਰਾਬਰ’ ਹੈ। ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਹਿਫਾਜ਼ਤ (ਪੋਕਸੋ) ਐਕਟ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਕਿਹਾ ਕਿ ਮੁਲਜ਼ਮ (ਪਿਤਾ) ਦਾ ਦੋਸ਼ ‘ਰਖਵਾਲੇ ਦੇ ਹੀ ਲੁਟੇਰਾ’ ਬਣਨ ਦਾ ਸਪੱਸ਼ਟ ਮਾਮਲਾ ਹੈ।
ਵਿਸ਼ੇਸ਼ ਜੱਜ ਨਾਜਿਰਾ ਸ਼ੇਖ ਨੇ ਬੁੱਧਵਾਰ ਨੂੰ ਮੁਲਜ਼ਮ ਪਿਓ ਨੂੰ ਭਾਰਤੀ ਦੰਡਾਵਲੀ (ਆਈ. ਪੀ. ਸੀ.) ਅਤੇ ਪੋਕਸੋ ਦੀਆਂ ਸਬੰਧਤ ਵਿਵਸਥਾਵਾਂ ਦੇ ਤਹਿਤ ਦੋਸ਼ੀ ਠਹਿਰਾਇਆ। ਵਿਸਥਾਰਤ ਹੁਕਮ ਦੀ ਕਾਪੀ ਸ਼ੁੱਕਰਵਾਰ ਨੂੰ ਮੁਹੱਈਆ ਕਰਾਈ ਗਈ।
ਅਦਾਲਤ ਨੇ ਆਪਣੇ ਹੁਕਮ ’ਚ ਕਿਹਾ ਕਿ ਲਗਭਗ ਹਰ ਸੱਭਿਆਚਾਰ ’ਚ ਪਿਤਾ ਦੀ ਭੂਮਿਕਾ ਮੁੱਖ ਰੂਪ ’ਚ ਇਕ ਰਖਵਾਲੇ, ਦਾਤਾ ਅਤੇ ਪ੍ਰਸ਼ਾਸਕ ਦੀ ਹੁੰਦੀ ਹੈ। ਵਿਸ਼ੇਸ਼ ਜੱਜ ਨੇ ਕਿਹਾ ਕਿ ਪਿਓ-ਧੀ ਦਾ ਰਿਸ਼ਤਾ ਇਕ ਲੜਕੀ ਦੇ ਬਾਲਿਗ ਹੋਣ ਦੀ ਯਾਤਰਾ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਕ ਲੜਕੀ ਦੇ ਜੀਵਨ ’ਚ ਪਿਤਾ ਪਹਿਲਾ ਪੁਰਸ਼ ਹੁੰਦਾ ਹੈ, ਜਿਸ ਨੂੰ ਉਹ ਨੇੜੇ ਤੋਂ ਜਾਣਦੀ ਹੈ। ਉਨ੍ਹਾਂ ਕਿਹਾ ਕਿ ਪਿਤਾ ਇਕ ਲੜਕੀ ਦੇ ਜੀਵਨ ’ਚ ਹੋਰ ਸਾਰੇ ਪੁਰਸ਼ਾਂ ਲਈ ਮਿਆਰ ਨਿਰਧਾਰਤ ਕਰਦਾ ਹੈ।