ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਸੁਨੀਲ ਜਾਖੜ ਨੇ ਸੂਬਾ ਸਰਕਾਰ ਨੂੰ ਕੀਤੀ ਅਪੀਲ

ਜਲੰਧਰ : ਹੜ੍ਹ ਪ੍ਰਭਾਵਿਤ ਪੰਜਾਬ ’ਚ ਆਫਤ ਨਾਲ ਨਜਿੱਠਣ ਵਾਸਤੇ ਤੁਰੰਤ ਰਕਮ ਜਾਰੀ ਕਰਨ ਅਤੇ ਮੌਜੂਦਾ ਹਦਾਇਤਾਂ ’ਚ ਢਿੱਲ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਭਾਜਪਾ ਪੰਜਾਬ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਕਟ ’ਚ ਫਸੇ ਲੋਕਾਂ ਤਕ ਪਹੁੰਚਣ ਵਿਚ ਹੋਰ ਜ਼ਿਆਦਾ ਸਮਾਂ ਬਰਬਾਦ ਨਾ ਕਰੇ। ਸੁਨੀਲ ਜਾਖੜ ਨੇ ਕਿਹਾ ਕਿ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚ ਫਸਲਾਂ ਦੇ ਨੁਕਸਾਨ ’ਤੇ ਕਿਸਾਨਾਂ ਨੂੰ ਬਿਨਾਂ ਦੇਰੀ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੇਂਦਰ ਵਲੋਂ ਦਿੱਤੀ ਗਈ ਰਕਮ ਤੁਰੰਤ ਵੰਡਣ ਅਤੇ ਅਜਿਹੇ ਸਮੇਂ ਗਿਰਦਾਵਰੀ ਦੀ ਉਡੀਕ ਨਾ ਕਰਨ। ਜਾਖੜ ਨੇ ਕਿਹਾ ਕਿ ਸਾਰਿਆਂ ਨੂੰ ਤੁਰੰਤ ਠੋਸ ਰਾਹਤ ਦੇਣੀ ਸੂਬੇ ਦੀ ਸਰਵਉੱਚ ਤਰਜੀਹ ਹੋਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਅੱਜ ਦੇਸ਼ ਦੇ 22 ਸੂਬਿਆਂ ਨੂੰ ਭਾਰੀ ਮੀਂਹ ਅਤੇ ਸਬੰਧਤ ਕੁਦਰਤੀ ਆਫਤਾਂ ਦੇ ਮੱਦੇਨਜ਼ਰ ਮੌਜੂਦਾ ਹਦਾਇਤਾਂ ਵਿਚ ਢਿੱਲ ਦਿੰਦੇ ਹੋਏ ਤੁਰੰਤ ਪੈਸਾ ਮੁਹੱਈਆ ਕਰਾਉਣ ਲਈ ਫੰਡ ਜਾਰੀ ਕੀਤਾ ਹੈ, ਜਿਸ ਵਿਚ ਪੰਜਾਬ ਨੂੰ ਇਸ ਮਕਸਦ ਲਈ 218.40 ਕਰੋਡ਼ ਰੁਪਏ ਮਿਲੇ ਹਨ।
ਪੰਜਾਬ ਸਰਕਾਰ ਵਲੋਂ ਪੇਂਡੂ ਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਨਾਗਰਿਕਾਂ ਨੂੰ ਰਾਹਤ ਯਕੀਨੀ ਬਣਾਉਣ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਤੋਂ ਬਚਣ ਦੀ ਅਪੀਲ ਕਰਦੇ ਹੋਏ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵਲੋਂ ਸਾਰੀ ਜ਼ਰੂਰੀ ਸਹਾਇਤਾ ਦਾ ਭਰੋਸਾ ਦਿੱਤਾ। ਜਾਖੜ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਫਤ ਦੀ ਗੰਭੀਰਤਾ ਦਾ ਅਹਿਸਾਸ ਹੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।