ਪ੍ਰਧਾਨ ਮੰਤਰੀ ਮੋਦੀ ਇਕ ਦਿਨਾ ਦੌਰੇ ‘ਤੇ ਸੰਯੁਕਤ ਅਰਬ ਅਮੀਰਾਤ ਪੁੱਜੇ

ਅਬੂ ਧਾਬੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਇਕ ਦਿਨਾ ਦੌਰੇ ‘ਤੇ ਸ਼ਨੀਵਾਰ ਨੂੰ ਆਬੂ ਧਾਬੀ ਪਹੁੰਚੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ ਅਤੇ ਦੋਵਾਂ ਰਣਨੀਤਕ ਭਾਈਵਾਲਾਂ ਦਰਮਿਆਨ ਮਜ਼ਬੂਤ ​​ਹੋ ਰਹੇ ਦੁਵੱਲੇ ਸਬੰਧਾਂ ਦਾ ਜਾਇਜ਼ਾ ਲੈਣਗੇ।
ਮੋਦੀ ਫਰਾਂਸ ਦਾ ਦੋ ਦਿਨਾ ਦੌਰਾ ਪੂਰਾ ਕਰਕੇ ਅਬੂ ਧਾਬੀ ਪਹੁੰਚ ਹਨ। ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵਿਸ਼ੇਸ਼ ਮਹਿਮਾਨ ਵਜੋਂ ਬੈਸਟਿਲ ਡੇਅ ਪਰੇਡ ਵਿੱਚ ਸ਼ਿਰਕਤ ਕੀਤੀ ਸੀ ਅਤੇ ਉਨ੍ਹਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਕਈ ਸਮਝੌਤਿਆਂ ‘ਤੇ ਹਸਤਾਖਰ ਕੀਤੇ ਸਨ।
ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਇਕ ਬਿਆਨ ‘ਚ ਕਿਹਾ ਸੀ, ”ਮੈਂ ਆਪਣੇ ਦੋਸਤ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੂੰ ਮਿਲਣ ਲਈ ਉਤਸ਼ਾਹਿਤ ਹਾਂ। ਦੋਵੇਂ ਦੇਸ਼ ਵਪਾਰ, ਨਿਵੇਸ਼, ਊਰਜਾ, ਭੋਜਨ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ, ਸਿੱਖਿਆ, ਫਿਨਟੈਕ, ਰੱਖਿਆ, ਸੁਰੱਖਿਆ ਅਤੇ ਲੋਕਾਂ ਵਿਚਾਲੇ ਆਪਸੀ ਸਬੰਧਾਂ ਵਰਗੇ ਖੇਤਰਾਂ ਵਿਚ ਸਰਗਰਮ ਹਨ।’