ਜੈਸ਼ੰਕਰ ਨੇ ਕੈਨੇਡੀਅਨ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ‘ਤੇ ਦਿੱਤਾ ਜ਼ੋਰ

ਜਕਾਰਤਾ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਮਿਲਾਨੀ ਜੌਲੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ’ਚ ਖਾਲਿਸਤਾਨੀ ਹਿੰਸਾ ਨਾਲ ਬਣੇ ਉਕਸਾਵੇ ਵਾਲੇ ਹਾਲਾਤ ਨਾਲ ਸਖ਼ਤੀ ਨਾਲ ਨਜਿੱਠਣ ਅਤੇ ਕੈਨੇਡਾ ’ਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਕਰਨ ’ਤੇ ਜ਼ੋਰ ਦਿੱਤਾ। ਇਹ ਮੁਲਾਕਾਤ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ’ਚ ਆਸਿਆਨ ਖੇਤਰੀ ਫੋਰਮ ਦੀ ਬੈਠਕ ਤੋਂ ਇਲਾਵਾ ਹੋਈ।
ਜੈਸ਼ੰਕਰ ਨੇ ਬੈਠਕ ਮਗਰੋਂ ਟਵੀਟ ਕੀਤਾ, ‘ਜਕਾਰਤਾ ਵਿਚ ਕੈਨੇਡੀਅਨ ਵਿਦੇਸ਼ ਮੰਤਰੀ ਮਿਲਾਨੀ ਜੌਲੀ ਨਾਲ ਮੁਲਾਕਾਤ ਕੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਅਤੇ ਸਾਡੇ ਆਰਥਿਕ ਸਹਿਯੋਗ ‘ਤੇ ਚਰਚਾ ਕੀਤੀ। ਸਾਡੇ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਮਹੱਤਵ ਨੂੰ ਅਤੇ ਹਿੰਸਾ ਨੂੰ ਭੜਕਾਉਣ ਵਾਲੀ ਸਥਿਤੀ ਨਾਲ ਸਖ਼ਤੀ ਨਾਲ ਨਜਿੱਠਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।’ ਕੁੱਝ ਦਿਨ ਪਹਿਲਾਂ ਹੀ ਆਨਲਾਈਨ ਖਾਲਿਸਤਾਨ ਸਮਰਥਕ ਪੋਸਟਰ ਦੇ ਪ੍ਰਸਾਰ ਦੇ ਬਾਅਦ ਕੈਨੇਡਾ ਨੇ ਭਾਰਤ ਨੂੰ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ। ਭਾਰਤ ਨੇ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਵਰਗੇ ਆਪਣੇ ਭਾਈਵਾਲ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਕੱਟੜਪੰਥੀ ਖਾਲਿਸਤਾਨੀ ਵਿਚਾਰਧਾਰਾ ਨੂੰ ਵਧਣ-ਫੁੱਲਣ ਨਾ ਦੇਣ ਅਤੇ ਇਸ ਦਾ ਵਿਕਾਸ ਸਬੰਧਾਂ ਲਈ ਚੰਗਾ ਨਹੀਂ ਹੈ।