ਗਡਕਰੀ ਧਮਕੀ ਭਰਿਆ ਫ਼ੋਨ : ਗ੍ਰਿਫ਼ਤਾਰ ਦੋਸ਼ੀ ਜਯੇਸ਼ ਪੁਜਾਰੀ ਅਤੇ ਅਫ਼ਸਰ ਪਾਸ਼ਾ ਦਰਮਿਆਨ ਸੰਬੰਧ ਹੋਣ ਦੇ ਮਿਲੇ ਸਬੂਤ

ਨਾਗਪੁਰ- ਮਹਾਰਾਸ਼ਟਰ ‘ਚ ਨਾਗਪੁਰ ਪੁਲਸ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਧਮਕੀ ਭਰੇ ਫੋਨ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਗਏ ਜਯੇਸ਼ ਪੁਜਾਰੀ ਅਤੇ ਬੈਂਗਲੁਰੂ ਅੱਤਵਾਦੀ ਹਮਲੇ ਮਾਮਲੇ ‘ਚ ਦੋਸ਼ੀ ਅਫ਼ਸਰ ਪਾਸ਼ਾ ਦਰਮਿਆਨ ਸੰਬੰਧ ਹੋਣ ਦੇ ਸਬੂਤ ਮਿਲੇ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਫ਼ਸਰ ਪਾਸ਼ਾ ਬੈਂਗਲੁਰੂ ਅੱਤਵਾਦੀ ਹਮਲੇ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਤੋਂ ਕਰਨਾਟਕ ਦੀ ਇਕ ਜੇਲ੍ਹ ‘ਚ ਬੰਦ ਹੈ। ਉਨ੍ਹਾਂ ਦੱਸਿਆ ਕਿ ਪੁਜਾਰੀ ਉਰਫ਼ ਕਾਂਥਾ ਅਤੇ ਸ਼ਾਕਿਰ ਪਹਿਲੇ ਪਾਸ਼ਾ ਨਾਲ ਬੇਲਗਾਵੀ ਜੇਲ੍ਹ ‘ਚ ਬੰਦ ਸਨ। ਪੁਲਸ ਨੇ ਦੱਸਿਆ ਕਿ ਪੁਜਾਰੀ ਨੇ 14 ਜਨਵਰੀ ਨੂੰ ਨਾਗਪੁਰ ‘ਚ ਗਡਕਰੀ ਦੇ ਜਨਸੰਪਰਕ ਦਫ਼ਤਰ ‘ਚ ਧਮਕੀ ਭਰਿਆ ਫੋਨ ਕੀਤਾ ਅਤੇ 100 ਕਰੋੜ ਰੁਪਏ ਦੀ ਮੰਗ ਕੀਤੀ। ਉਸ ਨੇ ਦਾਊਦ ਇਬਰਾਹਿਮ ਗਿਰੋਹ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਸੀ। ਉਸ ਸਮੇਂ ਉਹ ਗੁਆਂਢੀ ਰਾਜ ਕਰਨਾਟਕ ਦੀ ਇਕ ਜੇਲ੍ਹ ‘ਚ ਬੰਦ ਸੀ। ਉਨ੍ਹਾਂ ਦੱਸਿਆ ਕਿ ਉਸ ਨੇ 21 ਮਾਰਚ ਨੂੰ ਇਕ ਵਾਰ ਮੁੜ ਫ਼ੋਨ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ 10 ਕਰੋੜ ਰੁਪਏ ਨਹੀਂ ਦਿੱਤੇ ਗਏ ਤਾਂ ਉਹ ਨਾਗਪੁਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੋਕ ਸਭਾ ਸੰਸਦ ਮੈਂਬਰ ਨੂੰ ਨੁਕਸਾਨ ਪਹੁੰਚਾਇਆ। ਪੁਜਾਰੀ ਨੂੰ 28 ਮਾਰਚ ਨੂੰ ਬੇਲਗਾਵੀ ਦੀ ਇਕ ਜੇਲ੍ਹ ਤੋਂ ਗ੍ਰਿਫ਼ਤਾਰ ਕਰ ਕੇ ਨਾਗਪੁਰ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਸਖ਼ਤ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਨਾਗਪੁਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,”ਨਾਗਪੁਰ ਪੁਲਸ ਨੂੰ ਇਸ ਮਾਮਲੇ ਦੀ ਜਾਂਚ ਦੌਰਾਨ ਪੁਜਾਰੀ ਅਤੇ ਅੱਤਵਾਦੀ ਬਸ਼ੀਰੂਦੀਨ ਨੂਰ ਅਹਿਮਦ ਉਰਫ਼ ਅਫ਼ਸਰ ਪਾਸ਼ਾ ਦਰਮਿਆਨ ਸੰਬੰਧ ਦਾ ਪਤਾ ਲੱਗਾ, ਜੋ ਪਹਿਲੇ ਜੰਮੂ ਕਸ਼ਮੀਰ ‘ਚ ਵੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਸੀ।” ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ‘ਚ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਲਈ ਅੱਤਵਾਦੀਆਂ ਦੀ ਭਰਤੀ ਦੇ ਮਾਮਲੇ ‘ਚ 2012 ‘ਚ ਦੋਸ਼ੀ ਪਾਏ ਗਏ ਪਾਸ਼ਾ ਤੋਂ ਪੁਜਾਰੀ ਦੇ ਸੰਬੰਧ ਸਨ। ਅਧਿਕਾਰੀ ਨੇ ਦੱਸਿਆ ਕਿ ਪਾਸ਼ਾ ਦਸੰਬਰ 2005 ‘ਚ ਬੈਂਗਲੁਰੂ ‘ਚ ਭਾਰਤੀ ਵਿਗਿਆਨ ਸੰਸਥਾ ‘ਤੇ ਹੋਏ ਅੱਤਵਾਦੀ ਹਮਲੇ ‘ਚ ਵੀ ਸ਼ਾਮਲ ਸਨ ਅਤੇ ਅਜੇ ਬੇਲਗਾਵੀ ‘ਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਪਾਸ਼ਾ ਨੂੰ ਗ੍ਰਿਫ਼ਤਾਰ ਕਰਨ ਲਈ ਨਾਗਪੁਰ ਪੁਲਸ ਦਾ ਇਕ ਦਲ ਬੇਲਗਾਵੀ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਇਕ ਦਲ ਨੇ ਮਈ ‘ਚ ਗਡਕਰੀ ਨੂੰ ਧਮਕੀ ਭਰੇ ਫੋਨ ਦੀ ਜਾਂਚ ਲਈ ਨਾਗਪੁਰ ਦਾ ਦੌਰਾ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰਾਲਾ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਕੇਂਦਰੀ ਏਜੰਸੀ ਨੇ ਮਾਮਲੇ ਦੇ ਅੱਤਵਾਦੀ ਪਹਿਲੂ ਦੀ ਜਾਂਚ ਸ਼ੁਰੂ ਕੀਤੀ ਸੀ।