ਪਟਿਆਲਵੀਆ ਨੂੰ 3 ਦਿਨਾਂ ਬਾਅਦ ਮਿਲੀ ਹੜ੍ਹ ਦੇ ਪਾਣੀ ਤੋਂ ਨਿਜਾਤ, ਕਰੋੜਾਂ ਦਾ ਨੁਕਸਾਨ

ਪਟਿਆਲਾ : ਅੱਜ 3 ਦਿਨਾਂ ਤੋਂ ਬਾਅਦ ਪਟਿਆਲਾ ਦੇ ਆਸ-ਪਾਸ ਦੀਆਂ ਕਾਲੋਨੀਆਂ ਦੇ ਨਿਵਾਸੀਆਂ ਨੂੰ ਹੜ੍ਹ ਦੇ ਪਾਣੀ ਤੋਂ ਨਿਜਾਤ ਮਿਲ ਗਈ ਹੈ। ਕਾਲੋਨੀਆਂ ਅੰਦਰੋਂ ਪਾਣੀ ਨਿਕਲ ਕੇ ਨੀਵੇਂ ਇਲਾਕਿਆਂ ’ਚ ਆ ਗਿਆ ਹੈ। ਜਦਕਿ ਕਈ ਕਾਲੋਨੀਆਂ ਦੀਆਂ ਸੜਕਾਂ ਅਤੇ ਗਲੀਆਂ ਨੀਵੀਆਂ ਹੋਣ ਕਾਰਨ ਪਾਣੀ ਬਾਹਰ ਨਹੀਂ ਨਿਕਲ ਰਿਹਾ ਪਰ ਪਾਣੀ ਤਾਂ ਨਿਕਲ ਗਿਆ ਪਰ ਪਿੱਛੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਇਹ ਗੰਦਾ ਪਾਣੀ ਕਈ ਭਿਆਨਕ ਬੀਮਾਰੀਆਂ ਨੂੰ ਅੰਜਾਮ ਦੇ ਗਿਆ, ਜਿਸ ਦਾ ਸੇਕ ਆਉਣ ਵਾਲੇ ਦਿਨਾਂ ਅੰਦਰ ਲੱਗੇਗਾ। ਹੁਣ ਨੀਵੇਂ ਇਲਾਕਿਆਂ ’ਚ ਖੜ੍ਹਾ ਪਾਣੀ ਉਥੋਂ ਦੇ ਵਸਨੀਕਾਂ ਅਤੇ ਪ੍ਰਸ਼ਾਸਨ ਲਈ ਪ੍ਰੇਸ਼ਾਨੀਆਂ ਦਾ ਸਬਬ ਬਣੇਗਾ। ਲੋਕਾਂ ਨੂੰ ਬੀਮਾਰੀਆਂ ਲੱਗਣ ਦਾ ਖੱਤਰਾ ਵਧੇਗਾ, ਜਿਸ ਲਈ ਇਲਾਕਿਆਂ ’ਚ ਛਿੜਕਾਅ, ਫੌਗਿੰਗ, ਦਵਾਈਆਂ, ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ, ਸੀਵਰੇਜ ਦੀ ਸਫਾਈ ਕਰ ਕੇ ਮੁੜ ਚਾਲੂ, ਵਾਟਰ ਸਪਲਾਈ ਸਿਸਟਮ ਦੀ ਸਫਾਈ, ਪਾਣੀ ਕਾਰਨ ਟੁੱਟ ਚੁੱਕੀਆਂ ਗਲੀਆਂ ਸੜਕਾਂ ਦੀ ਸਫਾਈ ਅਤੇ ਰਿਪੇਅਰ ਕਰ ਕੇ ਉਨ੍ਹਾਂ ਨੂੰ ਤੁਰਨ ਯੋਗੇ ਕਰਨਾ ਸਮੇਤ ਆਪਣਾ ਨੁਕਸਾਨ ਝੱਲ ਰਹੇ ਲੋਕਾਂ ਦੀ ਮਦਦ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਪੱਟੜੀ ’ਤੇ ਲਿਆਉਣਾ ਹੋਵੇਗਾ।
ਹੜ੍ਹ ਦੀ ਮਾਰ ਕਰਨ ਕਈ ਇਲਾਕਿਆਂ ’ਚ ਸੀਵਰੇਜ ਬੰਦ ਹੋ ਚੁੱਕਾ ਹੈ, ਕਈ ਥਾਵਾਂ ’ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਖਰਾਬ ਹੋ ਚੁੱਕੀਆਂ ਹਨ ਜਾਂ ਗੰਦਾ ਪਾਣੀ ਮਿਕਸ ਹੋਣ ਕਾਰਨ ਬੀਮਾਰੀਆਂ ਦਾ ਖਤਰਾ ਹੈ। ਇਸ ਲਈ ਇਸ ਤੋਂ ਬਚਾਅ ਕਰਨਾ ਵੀ ਪਹਿਲ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ।
ਅਰਬਨ ਅਸਟੇਟ ਦੇ ਘਰਾਂ ’ਚ ਲੋਕਾਂ ਦਾ ਸਭ ਕੁਝ ਹੋਇਆ ਖਰਾਬ
ਬੇਸ਼ਕ ਅਰਬਨ ਅਸਟੇਟ ਅਤੇ ਹੋਰ ਬਹੁਤ ਸਾਰੀਆਂ ਕਾਲੋਨੀਆਂ ਵਿਚੋਂ ਪਾਣੀ ਉਤਰ ਗਿਆ। ਘਰਾਂ ਅੰਦਰ ਪਾਣੀ ਨਾ ਮਾਤਰ ਹੈ ਪਰ ਲੋਕਾਂ ਦੇ ਘਰਾਂ ਦੇ ਸੋਫੇ, ਬੈੱਡ, ਮਸ਼ੀਨਾਂ, ਕਾਰਾਂ, ਫਰਨੀਚਰ, ਰਸੋਈ ਦਾ ਸਾਮਾਨ ਸਮੇਤ ਹਰ ਚੀਜ਼ ਬੁਰੀ ਤਰ੍ਹਾ ਬਰਵਾਦ ਹੋ ਗਈ ਹੈ। ਅਰਬਨ ਅਸਟੇਟ ’ਚ ਤਾਂ ਵੀ. ਵੀ. ਆਈ. ਪੀ. ਲੋਕ ਰਹਿੰਦੇ ਹਨ, ਜਿਨ੍ਹਾਂ ’ਚ ਹਰ ਘਰ ’ਚ ਲੱਖਾਂ ਦਾ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਬਾਕੀ ਕਾਲੋਨੀਆਂ ਅੰਦਰ ਵੀ ਲੋਕਾਂ ਦਾ ਭਿਆਨਕ ਨੁਕਸਾਨ ਹੋਇਆ ਹੈ।
ਨਵੇਂ ਬੱਸ ਅੱਡੇ ਜਾਣ ਲਈ 3 ਪੁਲਾਂ ਤੋਂ ਆਵਾਜਾਈ ਰੋਕੀ
ਪਟਿਆਲਾ ਸ਼ਹਿਰ ਤੋਂ ਨਵੇਂ ਬੱਸ ਅੱਡੇ ਜਾਣ ਲਈ ਰਸਤੇ ਬੰਦ ਕਰ ਦਿੱਤੇ ਗਏ ਹਨ, ਜਿਹੜਾ ਇਕੋ-ਇਕ ਮੁੱਖ ਰਸਤਾ ਜਾਦਾ ਸੀ, ਉਸ ਦੇ ਦੋਵੇਂ ਪੁਲਾਂ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਜਦਕਿ ਨਦੀ ਦੇ ਨਾਲ-ਨਾਲ ਜਾਣ ਵਾਲਾ ਰਸਤਾ ਜਾਮ ਲੱਗਣ ਕਾਰਨ ਬੰਦ ਵਰਗਾ ਵਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕੇ ਬਾਬਾ ਦੀਪ ਸਿੰਘ ਨਗਰ, ਫਰੈਂਡਜ਼ ਇਨਕਲੇਵ ’ਚੋਂ ਹੋ ਕੇ ਪਹੁੰਚਣ ਵਾਲੇ ਰਸਤੇ ਦਾ ਵੀ ਤੀਜਾ ਪੁਲ ਬੰਦ ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਸਿਰਫ ਨਦੀ ਦੇ ਨਾਲ-ਨਾਲ ਜਾ ਕੇ ਸਰਹੰਦ ਰੋਡ ਬਾਈਪਾਸ ਵੱਲ ਦੀ ਬੱਸ ਅੱਡੇ ਪਹੁੰਚਣ ਦਾ ਹੀ ਇਕ ਬਦਲ ਬਚਿਆ ਹੈ, ਜਿਸ ’ਤੇ ਵਾਹਨਾਂ ਦਾ ਭਾਰੀ ਜਾਮ ਲੱਗਣ ਕਾਰਨ ਕਿਲੋਮੀਟਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਰਹੀਆਂ ਹਨ। ਇਸ ਬਾਈਪਾਸ ’ਤੇ ਪਹਿਲਾਂ ਵੀ ਕਾਫੀ ਆਵਾਜਾਈ ਸੀ ਪਰ ਹੁਣ ਨਵਾਂ ਬੱਸ ਅੱਡਾ ਬਾਹਰ ਜਾਣ ਕਾਰਨ ਟ੍ਰੈਫਿਕ ਪਹਿਲਾਂ ਤੋਂ 3 ਗੁਣਾਂ ਜ਼ਿਆਦਾ ਹੋ ਗਈ ਹੈ। ਇਹ ਸਮੱਸਿਆਵਾਂ ਕੁਝ ਦਿਨ ਤੱਕ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਇਸ ਰੋਡ ਨੂੰ ਜੋੜਨ ਵਾਲੇ 3 ਪੁਲ (2 ਹੀਰਾ ਬਾਗ ਕੋਲ ਅਤੇ ਤੀਜਾ ਗੁਰਬਖਸ਼ ਕਾਲੋਨੀ-ਬਾਬਾ ਦੀਪ ਸਿੰਘ ਨਗਰ) ਨੂੰ ਠੀਕ ਹੋਣ ਨੂੰ ਸਮਾਂ ਲੱਗ ਸਕਦਾ ਹੈ।
ਕਿਹੜੇ-ਕਿਹੜੇ ਨੀਵੇਂ ਇਲਾਕਿਆਂ ਅੰਦਰ ਖੜ੍ਹਾ ਪਾਣੀ
ਹੜ੍ਹ ਦਾ ਪਾਣੀ ਕਾਲੋਨੀਆਂ ਤੋਂ ਉਤਰ ਜਾਣ ਤੋਂ ਬਾਅਦ ਬੇਸ਼ੱਕ ਵਾਪਸ ਨਦੀ ਵੱਲ ਚਲਾ ਗਿਆ ਹੈ ਪਰ ਕਈ ਕਾਲੋਨੀਆਂ ਦਾ ਅੰਦਰਲਾ ਹਿੱਸਾ ਨੀਵਾਂ ਹੋਣ ਕਾਰਨ ਅਤੇ ਕਈ ਜਗ਼੍ਹਾ ਸੀਵਰੇਜ ਜਾਮ ਹੋਣ ਕਾਰਨ ਪਾਣੀ ਗਲੀਆਂ ਅਤੇ ਸੜਕਾਂ ’ਤੇ ਖੜ੍ਹਾ ਹੈ। ਇੰਨਾ ਹੀ ਨਹੀਂ, ਜ਼ਿਆਦਤਰ ਬਾਹਰਲੀਆਂ ਕਾਲੋਨੀਆਂ ਅੰਦਰ ਪਲਾਟ ਖਾਲੀ ਪਏ ਹਨ, ਜਿਹੜੇ ਗਲੀਆਂ ਅਤੇ ਨਾਲ ਲੱਗਦੇ ਘਰਾਂ ਤੋਂ ਨੀਵੇਂ ਹਨ, ਹੁਣ ਇਨ੍ਹਾਂ ਪਲਾਟਾਂ ’ਚ ਵੀ ਪਾਣੀ ਭਰਿਆ ਖੜਾ ਹੈ। ਇਹ ਪਾਣੀ ਬਾਹਰ ਨਿਕਲਣ ਲਈ ਕੋਈ ਪ੍ਰਬੰਧ ਨਹੀਂ ਹੈ। ਇਸ ਕਰ ਕੇ ਕਾਫੀ ਦੇਰ ਪਾਣੀ ਖੜ੍ਹਨ ਨਾਲ ਨੇੜਲੇ ਘਰਾਂ ਨੂੰ ਨੁਕਸਾਨ ਹੋਣ ਅਤੇ ਬੀਮਾਰੀਆਂ ਫੈਲਣ ਦਾ ਡਰ ਵੀ ਹੈ। ਹੁਣ ਖਾਸ ਕਰ ਅਰਾਈਂ ਮਾਜਰਾ, ਸਨੌਰ ਰੋਡ ਦਾਣਾ ਮੰਡੀ ਸਾਹਮਣੇ ਰਿਹਾਇਸ਼ੀ ਇਲਾਕਾ, ਗੋਪਾਲ ਕਾਲੋਨੀ, ਅਰਬਨ ਅਸਟੇਟ ਦਾ ਕੁਝ ਹਿੱਸਾ, ਫਰੈਂਡਜ਼ ਇਨਕਲੇਵ, ਬਾਬਾ ਦੀਪ ਸਿੰਘ ਨਗਰ, ਹੀਰਾ ਬਾਗ, ਰਿਸ਼ੀ ਕਾਲੋਨੀ ਸਮੇਤ ਕੁਝ ਇਲਾਕਿਆਂ ਦੇ ਖਾਲੀ ਪਲਾਟਾਂ, ਗਲੀਆਂ ਅਤੇ ਸੜਕਾਂ ਤੇ ਪਾਣੀ ਖੜਨ ਦੀਆਂ ਖਬਰਾਂ ਹਨ।
48 ਘੰਟਿਆਂ ਤੋਂ ਭੁੱਖੇ ਲੋਕਾਂ ਲਈ ਪਿੰਡਾਂ ਦੇ ਲੋਕ ਫਰੀਸ਼ਤੇ ਬਣ ਕੇ ਬੋਹੜੇ
ਅਰਬਨ ਅਸਟੇਟ ਅਤੇ ਹੋਰ ਵੀ. ਆਈ. ਪੀ. ਕਾਲੋਨੀਆਂ ਅੰਦਰ ਪਾਣੀ ਉਤਰਨ ਤੋਂ ਬਾਅਦ ਲੋਕ ਬਾਹਰ ਆਏ ਹਨ। ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਜਾਂ ਹੋਰ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਦੀ ਕੋਈ ਬਹੁਤੀ ਮਦਦ ਨਹੀਂ ਕੀਤੀ ਪਰ ਪਿੰਡਾਂ ਦੇ ਲੋਕ ਫਰਿਸ਼ਤੇ ਬਣ ਕੇ ਬੋਹੜੇ। ਲੋਕਾਂ ਨੇ ਦੱਸਿਆ ਕਿ ਟਰੈਕਟਰਾਂ-ਟਰਾਲੀਆਂ ’ਚ ਲੋਕਾਂ ਨੇ ਜਿੱਥੇ ਉਨ੍ਹਾਂ ਨੂੰ ਬਾਹਰ ਕੱਢਿਆ, ਉੱਥੇ 48-48 ਘੰਟਿਆਂ ਦੇ ਭੁੱਖੇ ਲੋਕਾਂ ਨੂੰ ਰੋਟੀ ਪਾਣੀ ਦਾ ਇੰਤਜਾਮ ਕਰ ਕੇ ਦਿੱਤਾ। ਲੋਕਾਂ ਨੇ ਆਖਿਆ ਕਿ ਜੇਕਰ ਇਹ ਪਿੰਡਾਂ ਦੇ ਲੋਕ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਨਾ ਆਉਂਦੇ ਤਾਂ ਬਹੁਤ ਸਾਰੀਆਂ ਜਾਨਾਂ ਵੀ ਜਾ ਸਕਦੀਆਂ ਸਨ। ਉਹ ਰੋ ਰੋ ਕੇ ਬੇਹਾਲ ਹੁੰਦੇ ਰਹੇ, ਜ਼ਿਲਾ ਪ੍ਰਸ਼ਾਸਨ ਦੇ ਨੰਬਰਾਂ ’ਤੇ 10-10 ਵਾਰ ਕਾਲ ਕਰਦੇ ਰਹੇ ਪਰ ਕਿਸੇ ਨੇ ਕੋਈ ਵੀ ਸੁਣਵਾਈ ਨਾ ਕੀਤੀ।