ਇਨ੍ਹਾਂ ਚੀਜ਼ਾਂ ‘ਤੇ ਲੱਗੇਗਾ 28% GST, ਕੁਝ ਚੀਜ਼ਾਂ ਹੋਈਆਂ Tax-Free; ਵਿੱਤ ਮੰਤਰੀ ਸੀਤਾਰਮਨ ਨੇ ਕੀਤੇ ਐਲਾਨ

ਨਵੀਂ ਦਿੱਲੀ : GST ਨਾਲ ਸਬੰਧਤ ਮਾਮਲਿਆਂ ਵਿਚ ਫ਼ੈਸਲੇ ਲੈਣ ਵਾਲੀ ਜੀ.ਐੱਸ.ਟੀ. ਪ੍ਰੀਸ਼ਦ ਨੇ ਆਨਲਾਈਨ ਗੇਮਿੰਗ, ਕਸੀਨੋ ਤੇ ਘੁੜਦੌੜ ਮੁਕਾਬਲਿਆਂ ਵਿਚ ਦਾਅ ‘ਤੇ ਲਗਾਈ ਜਾਣ ਵਾਲੀ ਕੁੱਲ੍ਹ ਰਾਸ਼ੀ ‘ਤੇ 28 ਫ਼ੀਸਦੀ ਦੀ ਦਰ ਨਾਲ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ। ਸੋਮਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਜੀ.ਐੱਸ.ਟੀ. ਪ੍ਰੀਸ਼ਦ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ। ਪ੍ਰੀਸ਼ਦ ਵਿਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਵੀ ਸ਼ਾਮਲ ਹਨ।
ਵਿੱਤ ਮੰਤਰੀ ਨਿਰਮਲਾ ਸੀਤਰਮਨ ਨੇ ਮੀਟਿੰਗ ਖ਼ਤਮ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਜੀ.ਐੱਸ.ਟੀ. ਪ੍ਰੀਸ਼ਦ ਨੇ ਆਨਲਾਈਨ ਗੇਮਿੰਗ, ਕਸੀਨੋ ਤੇ ਘੁੜਦੌੜ ‘ਤੇ ਗਠਿਤ ਮੰਤਰੀਆਂ ਦੇ ਸਮੂਹ (GOM) ਦੀ ਸਿਫ਼ਾਰਿਸ਼ ਦੇ ਅਧਾਰ ‘ਤੇ 28 ਫ਼ੀਸਦੀ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਗਰਮੀਆਂ ਵਿਚ ਸਮੁੱਚੀ ਰਾਸ਼ੀ ‘ਤੇ ਟੈਕਸ ਲਗਾਇਆ ਜਾਵੇਗਾ। GOM ਨੂੰ ਇਸ ‘ਤੇ ਵਿਚਾਰ ਕਰਨਾ ਸੀ ਕਿ ਇਨ੍ਹਾਂ ਸਰਗਰਮੀਆਂ ‘ਤੇ ਦਾਅ ‘ਤੇ ਲੱਗਣ ਵਾਲੀ ਸਮੁੱਚੀ ਰਾਸ਼ੀ ‘ਤੇ ਟੈਕਸ ਲਗਾਇਆ ਜਾਵੇ ਜਾਂ ਸਿਰਫ਼ ਮੰਚ ਵੱਲੋਂ ਵਸੂਲੇ ਜਾਣ ਵਾਲੇ ਪੈਸਿਆਂ ‘ਤੇ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਆਨਲਾਈਨ ਗੇਮਿੰਗ ਕੰਪਨੀਆਂ ‘ਤੇ ਟੈਕਸ ਲਗਾਉਂਦੇ ਸਮੇਂ ਇਸ ਅਧਾਰ ‘ਤੇ ਕੋਈ ਫ਼ਰਕ ਨਹੀਂ ਕੀਤਾ ਜਾਵੇਗਾ ਕਿ ਇਹ ਕੌਸ਼ਲ ਅਧਾਰਤ ਖੇਡ ਹੈ ਜਾਂ ਸੰਜੋਗ ‘ਤੇ ਅਧਾਰਤ।
GST ਦੇ ਘੇਰੇ ‘ਚੋਂ ਬਾਹਰ ਹੋਈਆਂ ਇਹ ਚੀਜ਼ਾਂ
ਜੀ.ਐੱਸ.ਟੀ. ਪ੍ਰੀਸ਼ਦ ਦੀ ਮੀਟਿੰਗ ਵਿਚ ਕੁਝ ਚੀਜ਼ਾਂ ਨੂੰ ਜੀ.ਐੱਸ.ਟੀ. ਦੇ ਘੇਰੇ ਤੋਂ ਬਾਹਰ ਰੱਖਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਮੀਟਿੰਗ ਵਿਚ ਕੈਂਸਰ ਦੇ ਇਲਾਜ ਵਾਲੀ ਦਵਾਈ ਤੇ ਹੋਰ ਦੁਰਲਭ ਬਿਮਾਰੀਆਂ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਜੀ.ਐੱਸ.ਟੀ. ਘੇਰੇ ਤੋਂ ਬਾਹਰ ਰੱਖਣ ਦਾ ਵੀ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਨਿਜੀ ਕੰਪਨੀਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੈਟੇਲਾਈਟ ਲਾਂਚਿੰਗ ਸੇਵਾਵਾਂ ਨੂੰ ਵੀ ਜੀ.ਐੱਸ.ਟੀ. ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।