ਅਮਰੀਕੀ ਰਾਜਦੂਤ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅੱਤਵਾਦ ਸਮੇਤ ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

ਨਵੀਂ ਦਿੱਲੀ : ਭਾਰਤ ‘ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਮੰਗਲਵਾਰ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਅੱਤਵਾਦ ਨਾਲ ਨਜਿੱਠਣ, ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਅਤੇ ਸੁਰੱਖਿਆ ਖੇਤਰ ‘ਚ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਗਾਰਸੇਟੀ ਭਾਰਤ ‘ਚ ਅਮਰੀਕਾ ਦੇ 26ਵੇਂ ਰਾਜਦੂਤ ਹਨ। ਉਹ ਅਪ੍ਰੈਲ ‘ਚ ਭਾਰਤ ਆਏ ਸਨ ਤੇ 11 ਮਈ ਨੂੰ ਰਾਸ਼ਟਰਪਤੀ ਨੂੰ ਆਪਣੇ ਪ੍ਰਮਾਣ ਪੱਤਰ ਸੌਂਪੇ ਸਨ।
ਸ਼ਾਹ ਦੇ ਦਫ਼ਤਰ ਨੇ ਟਵੀਟ ਕੀਤਾ, “ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਦੀ ਮੁਲਾਕਾਤ ਦੌਰਾਨ ਅੱਤਵਾਦ ਦਾ ਮੁਕਾਬਲਾ ਕਰਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਅਤੇ ਸੁਰੱਖਿਆ ਖੇਤਰ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ‘ਤੇ ਉਸਾਰੂ ਚਰਚਾ ਹੋਈ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਦੇ ਸਾਕਾਰਾਤਮਕ ਨਤੀਜਿਆਂ ‘ਤੇ ਅੱਗੇ ਵਧਣ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।” ਅਮਰੀਕੀ ਰਾਜਦੂਤ ਨੇ ਇੱਥੇ ਨਾਰਥ ਬਲਾਕ ਸਥਿਤ ਗ੍ਰਹਿ ਮੰਤਰੀ ਦੇ ਦਫ਼ਤਰ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ।